ਮਾਸਕੋ, 13 ਜੁਲਾਈ

ਰੂਸ ਨੇ ਅਮਰੀਕਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਸਾਬਕਾ ਸੋਵੀਅਤ ਯੂਨੀਅਨ ਦੇ ਕੇਂਦਰੀ ਏਸ਼ਿਆਈ ਮੁਲਕਾਂ ਵਿਚ ਆਪਣੀ ਫ਼ੌਜ ਤਾਇਨਾਤ ਨਾ ਕਰੇ। ਜ਼ਿਕਰਯੋਗ ਹੈ ਕਿ ਅਮਰੀਕਾ ਅਫ਼ਗਾਨਿਸਤਾਨ ਵਿਚੋਂ ਫ਼ੌਜ ਕੱਢ ਰਿਹਾ ਹੈ ਤੇ ਇਹ ਮੁਲਕ ਉੱਥੋਂ ਨੇੜੇ ਹੀ ਹਨ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਰਿਆਬਕੋਵ ਨੇ ਕਿਹਾ ਕਿ ਇਸ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਪਿਛਲੇ ਮਹੀਨੇ ਜੈਨੇਵਾ ‘ਚ ਹੋਈ ਬੈਠਕ ਮੌਕੇ ਦੱਸ ਦਿੱਤਾ ਸੀ।

ਰੂਸ ਨੇ ਕਿਹਾ ਹੈ ਕਿ ਅਮਰੀਕਾ ਵੱਲੋਂ ਅਫ਼ਗਾਨਿਸਤਾਨ ਨੇੜਲੇ ਮੁਲਕਾਂ ਵਿਚ ਫ਼ੌਜ ਦੀ ਤਾਇਨਾਤੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅਮਰੀਕਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਅਜਿਹਾ ਕੀਤੇ ਜਾਣ ਨਾਲ ਦੋਵਾਂ ਮੁਲਕਾਂ ਦੇ ਸਬੰਧ ਪ੍ਰਭਾਵਿਤ ਹੋਣਗੇ। ਇਸ ਦੇ ਨਾਲ ਹੀ ਇਸ ਮਹੱਤਵਪੂਰਨ ਖਿੱਤੇ ਵਿਚ ਵੀ ਕਈ ਚੀਜ਼ਾਂ ਬਦਲ ਜਾਣਗੀਆਂ। ਰੂਸ ਨੇ ਕੇਂਦਰੀ ਏਸ਼ੀਆ ਦੇ ਮੁਲਕਾਂ ਨੂੰ ਵੀ ਚਿਤਾਵਨੀ ਦੇ ਦਿੱਤੀ ਹੈ।

ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਨੇ ਜ਼ੋਰ ਦੇ ਕੇ ਕਿਹਾ ਕਿ ਕਜ਼ਾਖ਼ਸਤਾਨ, ਕਿਰਗਿਜ਼ਸਤਾਨ ਤੇ ਤਾਜਿਕਿਸਤਾਨ ਇਕ ਸਾਂਝੇ ਰੱਖਿਆ ਸਮਝੌਤੇ ਦਾ ਹਿੱਸਾ ਹਨ।

ਜ਼ਿਕਰਯੋਗ ਹੈ ਕਿ ਤਾਜਿਕਿਸਤਾਨ ਤੇ ਕਿਰਗਿਜ਼ਸਤਾਨ ਰੂਸੀ ਫ਼ੌਜ ਦਾ ਬੇਸ ਹਨ। ਕਿਰਗਿਜ਼ਸਤਾਨ ਵਿਚ ਅਮਰੀਕਾ ਦਾ ਇਕ ਬੇਸ 2014 ਵਿਚ ਬੰਦ ਹੋ ਚੁੱਕਾ ਹੈ। ਉਜ਼ਬੇਕਿਸਤਾਨ ਵੀ ਅਮਰੀਕੀ ਬੇਸ 2005 ਵਿਚ ਬੰਦ ਕਰ ਚੁੱਕਾ ਹੈ। -ਏਪੀ

News Source link