ਨਵਕਿਰਨ ਸਿੰਘ
ਮਹਿਲ ਕਲਾਂ, 13 ਜੁਲਾਈ

ਦਿੱਲੀ ਦੇ ਬਰਡਰਾਂ ‘ਤੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਵਿੱਚ ਸਾਢੇ ਸੱਤ ਮਹੀਨੇ ਤੋਂ ਡਟੀ ਹੋਈ ਪਿੰਡ ਮਹਿਲ ਖੁਰਦ ਦੀ 70 ਸਾਲਾ ਹਰਮਿੰਦਰ ਕੌਰ ਪਿੰਡ ਪਰਤੀ ਤਾਂ ਇਲਾਕੇ ‘ਚ ਸਰਗਰਮ ਕਿਸਾਨ ਜਥੇਬੰਦੀਆਂ ਵੱਲੋਂ ਸਨਮਾਨ ਕੀਤਾ ਗਿਆ। ਇਰਾਦੇ ਦੀ ਪੱਕੀ ਤੇ ਸੰਘਰਸ਼ ‘ਤੇ ਟੇਕ ਰੱਖਣ ਵਾਲੀ ਮਾਤਾ ਹਰਮਿੰਦਰ ਕੌਰ ਇਲਾਕੇ ਦੇ ਕਿਸਾਨਾਂ ਖਾਸਕਰ ਔਰਤਾਂ ਲਈ ਪ੍ਰੇਰਣਾ ਸ੍ਰੋਤ ਬਣੀ ਹੋਈ ਹੈ ਤੇ ਉਹ ਛੇਤੀ ਹੀ ਮੁੜ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੀ ਹੈ। ਇਸੇ ਪਿੰਡ ਦੀ ਇੱਕ ਹੋਰ ਔਰਤ ਭਗਵਾਨ ਕੌਰ ਇਸ ਸਮੇਂ ਦੌਰਾਨ ਜ਼ਰੂਰੀ ਕੰਮ ਪੈਣ ‘ਤੇ ਸਿਰਫ ਇੱਕ ਗੇੜਾ ਪਿੰਡ ਮਾਰ ਕੇ ਗਈ ਹੈ ਤੇ ਪਹਿਲੇ ਦਿਨ ਤੋਂ ਹੀ ਉੱਥੇ ਡਟੀ ਹੋਈ ਹੈ। ਇਸੇ ਪਿੰਡ ਨਾਲ ਸਬੰਧਤ ਸੇਵਾ ਮੁਕਤ ਅਧਿਆਪਕ ਅਮਰਜੀਤ ਸਿੰਘ ਮਹਿਲ ਖੁਰਦ ਵੀ ਸਾਢੇ ਸੱਤ ਮਹੀਨੇ ਦੌਰਾਨ ਸਿਰਫ ਇੱਕ ਵਾਰ ਪਿੰਡ ਆਇਆ ਸੀ।

ਮਾਤਾ ਹਰਮਿੰਦਰ ਕੌਰ ਨੇ ਕਿਹਾ ਕਿ ਉਸਨੂੰ ਦਿੱਲੀ ਮੋਰਚੇ ‘ਚ ਰਹਿਣਾ ਆਪਣੇ ਪਰਿਵਾਰ ਵਿੱਚ ਰਹਿਣ ਵਾਂਗ ਹੀ ਮਹਿਸੂਸ ਹੋਇਆ ਤੇ ਉਸਨੇ ਮੋਰਚੇ ‘ਚ ਬਹੁਤ ਕੁੱਝ ਸਿੱਖਿਆ ਹੈ। ਮਾਤਾ ਹਰਮਿੰਦਰ ਕੌਰ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਤਾ ਗਰਮੀ ਕਾਰਨ ਬਿਮਾਰ ਹੋ ਗਈ ਸੀ ਜਿਸ ਕਾਰਨ ਉਹ ਘਰ ਲਿਆਏ ਹਨ ਤੇ ਠੀਕ ਹੋਣ ‘ਤੇ ਮੁੜ ਦਿੱਲੀ ਮੋਰਚੇ ‘ਚ ਸ਼ਾਮਲ ਹੋਵੇਗੀ। ਸੰਯੁਕਤ ਕਿਸਾਨ ਮੋਰਚਾ ‘ਚ ਸ਼ਾਮਲ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਮਹਿਲ ਕਲਾਂ ਵਿਖੇ ਟੌਲ ਪਲਾਜ਼ਾ ਅੱਗੇ ਚੱਲ ਰਹੇ ਪੱਕੇ ਕਿਸਾਨ ਧਰਨੇ ‘ਚ ਮਾਤਾ ਹਰਜਿੰਦਰ ਕੌਰ ਦਾ ਸਨਮਾਨ ਕੀਤਾ ਗਿਆ, ਜਦਕਿ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਜ਼ਿਲ੍ਹਾ ਕਮੇਟੀ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਦੀ ਅਗਵਾਈ ਹੇਠ ਸਨਮਾਨ ਕਰਨ ਲਈ ਪਿੰਡ ਮਹਿਲ ਖੁਰਦ ਪਹੁੰਚੀ ਅਤੇ ਉੱਥੇ ਗ੍ਰਾਮ ਪੰਚਾਇਤ ਤੇ ਕਿਸਾਨ ਜਥੇਬੰਦੀ ਵੱਲੋਂ ਸਨਮਾਨ ਕੀਤਾ ਗਿਆ।

News Source link