ਸਰਬਜੀਤ ਸਿੰਘ ਭੰਗੂ

ਰਾਜਪੁਰਾ (ਪਟਿਆਲਾ), 12 ਜੁਲਾਈ

ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਪੁਲੀਸ ਨੇ ਅੱਜ ਭਾਜਪਾ ਆਗੂਆਂ ਨੂੰ ਰਾਜਪੁਰਾ ਵਿਚਲੀ ਉਸ ਕੋਠੀ ਵਿਚੋਂ ਬਾਹਰ ਕੱਢ ਲਿਆਂਦਾ, ਜਿੱਥੇ ਸੈਂਕੜੇ ਕਿਸਾਨਾਂ ਨੇ ਪਿਛਲੇ 11 ਘੰਟਿਆਂ ਤੋਂ ਉਨ੍ਹਾਂ ਨੂੰ ਬੰਦੀ ਬਣਾਇਆ ਹੋਇਆ ਸੀ। ਉਂਜ ਪੁਲੀਸ ਕਾਰਵਾਈ ਦਾ ਵਿਰੋਧ ਕਰਦਿਆਂ ਕਿਸਾਨਾਂ ਦੀ ਭੀੜ ਵਿੱਚੋਂ ਕੁਝ ਵਿਅਕਤੀਆਂ ਨੇ ਪਥਰਾਓ ਵੀ ਕੀਤਾ ਜਿਸ ਦੌਰਾਨ ਇੱਕ ਸਰਕਾਰੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਤੇ ਪੱਥਰ ਵੱਜਣ ਕਾਰਨ ਇਕ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਿਆ।ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਕੀਤੀ ਗਈ ਇਸ ਘੇਰਾਬੰਦੀ ਸਬੰਧੀ ਹਾਈਕੋਰਟ ਨੇ ਪੁਲੀਸ ਤੋਂ 12 ਜੁਲਾਈ ਨੂੰ ਦੋ ਵਜੇ ਤੱਕ ਰਿਪੋਰਟ ਵੀ ਮੰਗੀ ਹੋਈ ਹੈ ਜਿਸ ਕਰ ਕੇ ਵੀ ਪੁਲੀਸ ਵੱਲੋਂ ਇਨ੍ਹਾਂ ਭਾਜਪਾ ਆਗੂਆਂ ਨੂੰ ਕਿਸਾਨਾਂ ਦੀ ਘੇਰਾਬੰਦੀ ਵਿੱਚੋਂ ਬਾਹਰ ਲਿਆਉਣਾ ਜ਼ਰੂਰੀ ਸੀ। ਜ਼ਿਕਰਯੋਗ ਹੈ ਕਿ ਭਾਜਪਾ ਦੇ ਸੂਬਾ ਜਨਰਲ ਸਕੱਤਰ ਸੁਭਾਸ਼ ਸ਼ਰਮਾ, ਸੂਬਾ ਆਗੂ ਭੁਪੇਸ਼ ਅਗਰਵਾਲ, ਜ਼ਿਲ੍ਹਾ ਪ੍ਰਧਾਨ ਵਿਕਾਸ ਵਿੱਕੀ ਅਤੇ ਸ਼ਹਿਰੀ ਪ੍ਰਧਾਨ ਹਰਿੰਦਰ ਕੋਹਲੀ ਸਮੇਤ ਕੁਝ ਹੋਰਨਾਂ ਭਾਜਪਾ ਕਾਰਕੁਨਾਂ ਨੂੰ ਕਿਸਾਨਾਂ ਨੇ ਰਾਜਪੁਰਾ ਦੀ ਇਕ ਕੋਠੀ ਵਿਚ ਐਤਵਾਰ ਸ਼ਾਮ ਤੋਂ ਬੰਦੀ ਬਣਾਇਆ ਹੋਇਆ ਸੀ। ਭਾਵੇਂ ਕਿ ਭਾਜਪਾ ਆਗੂ ਦੋਸ਼ਾਂ ਦਾ ਖੰਡਨ ਕਰ ਰਹੇ ਹਨ, ਪਰ ਕਿਸਾਨਾਂ ਵੱਲੋਂ ਉਕਤ ਭਾਜਪਾ ਆਗੂਆ ਵਿਚੋਂ ਹੀ ਇਕ ‘ਤੇ ਗਾਲ਼ਾਂ ਕੱਢਣ ਦੇ ਦੋਸ਼ ਲਾਏ ਜਾ ਰਹੇ ਹਨ।

News Source link