ਲੰਡਨ: ਫ਼ਿਲਮਸਾਜ਼ ਕਰਨ ਜੌਹਰ ਤੇ ਆਸਿਫ ਕਪਾਡੀਆ ਉਨ੍ਹਾਂ ਸ਼ਖ਼ਸੀਅਤਾਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੂੰ ਸਿਨੇ ਜਗਤ ਵਿੱਚ ਪਾਏ ਯੋਗਦਾਨ ਸਦਕਾ ਲੰਡਨ ਇੰਡੀਅਨ ਫਿਲਮ ਫੈਸਟੀਵਲ (ਐੱਲਆਈਐੱਫਐੱਫ) ਦੌਰਾਨ ‘ਆਈਕਨ ਪੁਰਸਕਾਰ’ ਨਾਲ ਨਿਵਾਜਿਆ ਗਿਆ ਹੈ। ਬਹੁਤ ਸਾਰੀਆਂ ਹਿੱਟ ਫ਼ਿਲਮਾਂ ਦੇਣ ਵਾਲੇ ਪ੍ਰੋਡਿਊਸਰ-ਨਿਰਦੇਸ਼ਕ ਜੌਹਰ ਤੇ ਬਰਤਾਨਵੀ ਗਾਇਕਾ-ਗੀਤਕਾਰ ਐਮੀ ਵਾਈਨਹਾਊਸ ‘ਤੇ ਦਸਤਾਵੇਜ਼ੀ ਬਣਾ ਕੇ ਆਸਕਰ ਪੁਰਸਕਾਰ ਜਿੱਤਣ ਵਾਲੇ ਕਪਾਡੀਆ ਸਮੇਤ ਹੋਰਨਾਂ ਨੂੰ ਪਿਛਲੇ ਹਫ਼ਤੇ ‘ਐੱਲਆਈਐੱਫਐੱਫ 2021’ ਪੁਰਸਕਾਰ ਦਿੱਤਾ ਗਿਆ ਹੈ। ਇਹ ਫੈਸਟੀਵਲ ਬਾਗੜੀ ਫਾਊਂਡੇਸ਼ਨ ਅਤੇ ਬ੍ਰਿਟਿਸ਼ ਫ਼ਿਲਮ ਇੰਸਟੀਚਿਊਟ (ਬੀਐੱਫਆਈ) ਨੇ ਇਸ ਸਾਲ ਕਰੋਨਾਵਾਇਰਸ ਦੇ ਕਹਿਰ ਕਾਰਨ ਆਨਲਾਈਨ ਕਰਵਾਇਆ ਸੀ। ਐੱਲਆਈਐੱਫਐੱਫ ਦੇ ਐਕਜ਼ੀਕਿਊਟਿਵ ਅਤੇ ਪ੍ਰੋਗਰਾਮਿੰਗ ਡਾਇਰੈਕਟਰ ਕੈਰੀ ਰਾਜਿੰਦਰ ਸਾਹਨੀ ਨੇ ਆਖਿਆ,”ਇਹ ਟੀਮ ਦਾ ਦ੍ਰਿੜ ਇਰਾਦਾ ਹੈ ਜਿਸ ਸਦਕਾ ਅਸੀਂ ਆਨਲਾਈਨ ਫੈਸਟੀਵਲ ਕਰਵਾਉਣ ‘ਚ ਕਾਮਯਾਬ ਹੋਏ। ਮੌਜੂਦਾ ਸਮੇਂ ਚੁਣੌਤੀਆਂ ਦੇ ਬਾਵਜੂਦ ਅਸੀਂ ਸਿਨੇਮਾ ‘ਚ ਪਰਤ ਆਏ ਹਾਂ ਅਤੇ ਅਸੀਂ ਖਾਸ ਤੌਰ ‘ਤੇ ਸਿਨੇਮਾ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜਿਸ ਨੇ ਨਵੀਂ ਮਾਰਕੀਟਿੰਗ ਰਣਨੀਤੀ ਤਹਿਤ ਦਰਸ਼ਕਾਂ ਨੂੰ ਮੁੜ ਆਪਣੇ ਵੱਲ ਖਿੱਚ ਕੇ ਸਾਡੀ ਮਦਦ ਕੀਤੀ ਹੈ। ਇਸੇ ਦੌਰਾਨ ਅਦਾਕਾਰਾ ਸ਼ਰੁਤੀ ਹੁਸੈਨ ਤੇ ਜਾਹਨਵੀ ਕਪੂਰ ਨੂੰ ‘ਆਊਟਸਟੈਡਿੰਗ ਅਚੀਵਮੈਂਟ ਐਵਾਰਡ’ ਦਿੱਤਾ ਗਿਆ। ਪਹਿਲੀ ਵਾਰ ਫੈਸਟੀਵਲ ਦਾ ਆਗਾਜ਼ ਅਜੀਤੇਸ਼ ਦੀ ਦਸਤਾਵੇਜ਼ੀ ‘ਵਿਮੈਨ ਆਫ ਮਾਈ ਬਿਲੀਅਨ’ ਨਾਲ ਹੋਇਆ। ਇਹ ਦਸਤਾਵੇਜ਼ੀ ਐਨੀ ਸ਼ਾਨਦਾਰ ਸੀ ਕਿ ਦਰਸ਼ਕਾਂ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ। ਇਹ ਲਘੂ ਫ਼ਿਲਮ ਭਾਰਤ ਦੇ ਵੱਖ ਵੱਖ ਹਿੱਸਿਆਂ ਵਿੱਚ ਸਮਾਜਿਕ ਤੇ ਸਿਆਸੀ ਸਮੱਸਿਆਵਾਂ ਦਾ ਸਾਹਮਣਾ ਕਰਨ ਵਾਲੀਆਂ ਔਰਤਾਂ ‘ਤੇ ਆਧਾਰਿਤ ਹੈ। ਇਸ ਲਘੂ ਫ਼ਿਲਮ ਨੇ ਲੰਡਨ ਤੇ ਬਰਮਿੰਘਮ ਵਿੱਚ ‘ਆਡੀਐਂਸ ਐਵਾਰਡ ਆਫ ਦਾ ਯੀਅਰ’ ਪੁਰਸਕਾਰ ਵੀ ਜਿੱਤਿਆ। -ਪੀਟੀਆਈ

News Source link