ਰਵੇਲ ਸਿੰਘ ਭਿੰਡਰ

ਪਟਿਆਲਾ, 12 ਜੁਲਾਈ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ‘ਟਰਾਂਸਪੋਰਟ ਵਿੰਗ’ ਵੱਲੋਂ ਤੇਲ ਕੀਮਤਾਂ ਦੇ ਬੇਤਹਾਸ਼ਾ ਵਾਧੇ ਤੇ ਉਪਰੋਂ ਕੈਪਟਨ ਸਰਕਾਰ ਵੱਲੋਂ ਤੇਲ ਕੀਮਤਾਂ ‘ਤੇ ਭਾਰੀ ਵੈਟ ਟੈਕਸ ਥੋਪੇ ਜਾਣ ਖ਼ਿਲਾਫ਼ ਇਥੇ ਟਰੱਕ ਯੂਨੀਅਨ ‘ਚ ਵਿੰਗ ਦੇ ਇੰਚਾਰਜ ਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ‘ਨਿਊ ਮੋਤੀ ਬਾਗ ਪੈਲੇਸ’ ਦਾ ਘਿਰਾਓ ਕੀਤਾ ਗਿਆ। ਰੈਲੀ ਮਗਰੋਂ ਵਾਹਨਾਂ ਦੇ ਵੱਡੇ ਕਾਫਲੇ ਨਾਲ ਸੂਬੇ ਭਰ ‘ਚੋਂ ਪੁੱਜੇ ਟਰਾਂਸਪੋਰਟਰਾਂ ਤੇ ਅਕਾਲੀ ਵਰਕਰਾਂ ਨੂੰ ਮੋਤੀ ਪੈਲੇਸ ਤੋਂ ਪਿੱਛੇ ਵਾਈ.ਪੀ.ਐਸ.ਚੌਂਕ ‘ਚ ਰੋਕ ਲਿਆ ਗਿਆ, ਜਿਥੇ ਪ੍ਰਦਰਸ਼ਨਕਾਰੀਆਂ ਨੇ ਆਪਣੇ ਉਲੀਕੇ ਰੋਸ ਪ੍ਰੋਗਰਾਮ ਵਜੋਂ ਟਰੱਕਾਂ, ਬੱਸਾਂ ਤੇ ਥ੍ਰੀਵੀਲਰਾਂ ਆਦਿ ਵਾਹਨਾਂ ਦੀਆਂ ਚਾਬੀਆਂ ਸੌਂਪਣ ਦੀ ਰੋਸਮਈ ਕਵਾਇਦ ਸ਼ੁਰੂ ਕੀਤੀ। ਟਰਾਂਸਪੋਰਟਰਾਂ ਦਾ ਗਿਲਾ ਸੀ ਕਿ ਤੇਲ ਦੀਆਂ ਬੇਤਹਾਸ਼ਾ ਕੀਮਤਾਂ ਵਧਣ ਕਾਰਨ ਉਹ ਵਾਹਨਾਂ ਨੂੰ ਚਲਾਉਣ ਤੋਂ ਅਸਮਰਥ ਹਨ। ਇਸ ਕਰਕੇ ਉਨ੍ਹਾਂ ਨੂੰ ਵਾਹਨਾਂ ਦੀਆਂ ਚਾਬੀਆਂ ਮੁੱਖ ਮੰਤਰੀ ਨੂੰ ਸੌਂਪਣ ਦਾ ਫੈਸਲਾ ਲੈਣ ਲਈ ਮਜਬੂਰ ਹੋਣਾ ਪਿਆ ਹੈ। ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰੋ.ਚੰਦੂਮਾਜਰਾ ਨੇ ਤੇਲ ‘ਤੇ ਰਾਜ ਸਰਕਾਰ ਵੱਲੋਂ ਥੋਪੇ ਵੈਟ ਨੂੰ ਲੈ ਕੇ ਕੈਪਟਨ ਸਰਕਾਰ ‘ਤੇ ਤਿੱਖੇ ਹਮਲੇ ਕੀਤੇ।

News Source link