ਪੋਰਟ-ਓ-ਪ੍ਰਿੰਸ (ਹੈਤੀ), 7 ਜੁਲਾਈ

ਹੈਤੀ ਦੇ ਰਾਸ਼ਟਰਪਤੀ ਜੋਵੇਨੇਲ ਮੋਇਸੇ (53) ਦੀ ਨਿੱਜੀ ਰਿਹਾਇਸ਼ ‘ਤੇ ਹਮਲਾ ਕਰਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਦੇਸ਼ ਦੇ ਅੰਤਰਿਮ ਪ੍ਰਧਾਨ ਮੰਤਰੀ ਅੱਜ ਇੱਕ ਬਿਆਨ ਰਾਹੀਂ ਇਹ ਜਾਣਕਾਰੀ ਦਿੰਦਿਆਂ ਇਸ ਨੂੰ ਇੱਕ ‘ਨਫ਼ਰਤੀ, ਅਣਮਨੁੱਖੀ ਅਤੇ ਵਹਿਸ਼ੀ’ ਕਾਰਵਾਈ ਕਰਾਰ ਦਿੱਤਾ। ਰਾਸ਼ਟਰਪਤੀ ਮੋਇਸੇ ਦੀ ਹੱਤਿਆ ਮੰਗਲਵਾਰ ਦੇਰ ਕੀਤੇ ਹਮਲੇ ਦੌਰਾਨ ਹੋਈ।

ਅੰਤਰਿਮ ਪ੍ਰਧਾਨ ਮੰਤਰੀ ਕਲਾਊਡ ਜੋਸਫ਼ ਨੇ ਦੱਸਿਆ ਕਿ ਹਮਲੇ ‘ਚ ਜ਼ਖ਼ਮੀ ਹੋਈ ਰਾਸ਼ਟਰਪਤੀ ਦੀ ਪਤਨੀ ਮਾਰਟਿਨ ਮੋਇਸੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜੋਸਫ਼ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ‘ਦੇਸ਼ ਦੀ ਸੁਰੱਖਿਆ ਸਥਿਤੀ ਹੈਤੀ ਦੀ ਨੈਸ਼ਨਲ ਪੁਲੀਸ ਅਤੇ ਹੈਤੀ ਦੀਆਂ ਹਥਿਆਰਬੰਦ ਫ਼ੌਜਾਂ ਦੇ ਕਾਬੂ ਹੇਠ ਹੈ। ਜੋਸਫ਼ ਨੇ ਇਸ, ‘ਨਫ਼ਰਤੀ ਅਤੇ ਘਿਣਾਉਣੀ ਕਾਰਵਾਈ ਨਿਖੇਧੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹਮਲਾਵਰ ਸਪੈਨਿਸ਼ ਭਾਸ਼ਾ ਬੋਲ ਰਹੇ ਸਨ ਪਰ ਉਨ੍ਹਾਂ ਹੋਰ ਤਫ਼ਸੀਲ ‘ਚ ਜਾਣਕਾਰੀ ਨਾ ਦਿੱਤੀ। ਜ਼ਿਕਰਯੋਗ ਹੈ ਕਿ ਇੱਕ ਕਰੋੜ ਦਸ ਲੱਖ ਦੀ ਆਬਾਦੀ ਵਾਲੇ ਦੇਸ਼ ‘ਚ ਮੋਇਸੇ ਦੇ ਸ਼ਾਸਨ ਦੌਰਾਨ ਅਸਥਿਰਤਾ ਲਗਾਤਾਰ ਵਧਦੀ ਰਹੀ ਸੀ। ਹੈਤੀ ਦੀਆਂ ਆਰਥਿਕ, ਰਾਜਨੀਤਕ ਅਤੇ ਸਮਾਜਿਕ ਸਮੱਸਿਆਵਾਂ ਵਧ ਰਹੀਆਂ ਸਨ ਅਤੇ ਰਾਜਧਾਨੀ ਪੋਰਟ-ਓ-ਪ੍ਰਿੰਸ ‘ਚ ਗਰੋਹਾਂ ਦੀ ਹਿੰਸਾ ਲਗਾਤਾਰ ਵਧ ਰਹੀ ਸੀ। ਦੇਸ਼ ‘ਚ ਚੋਣਾਂ ਨਾ ਹੋ ਸਕਣ ਅਤੇ ਸੰਸਦ ਭੰਗ ਹੋਣ ਕਾਰਨ ਅਦਾਲਤੀ ਹੁਕਮਾਂ ਦੇ ਆਧਾਰ ‘ਤੇ ਮੋਇਸੇ ਦੋ ਸਾਲਾਂ ਤੋਂ ਸ਼ਾਸਨ ਕਰ ਰਹੇ ਸਨ। ਹਾਲ ‘ਚ ਹੀ ਵਿਰੋਧੀ ਨੇਤਾਵਾਂ ਨੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਕੀਤੀ। ਉਨ੍ਹਾਂ ਆਖਿਆ ਸੀ ਕਿ ਕਾਨੂੰਨੀ ਲਿਹਾਜ਼ ਤੋਂ ਮੋਇਸੇ ਦਾ ਕਾਰਜਕਾਲ 2021 ‘ਚ ਖ਼ਤਮ ਹੋ ਗਿਆ ਸੀ। -ਏਪੀ

News Source link