ਨਵੀਂ ਦਿੱਲੀ, 8 ਜੁਲਾਈ

ਦੇਸ਼ ਦੀ ਸਰਵਉਚ ਅਦਾਲਤ ਨੇ ਅੱਜ ਕਿਹਾ ਹੈ ਕਿ ਉਹ ਐਮਾਜ਼ੋਨ ਦੀ ਪਟੀਸ਼ਨ ‘ਤੇ 20 ਜੁਲਾਈ ਨੂੰ ਸੁਣਵਾਈ ਕਰੇਗੀ। ਇਸ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਨੇ ਸਟੇਅ ਦਿੰਦਿਆਂ ਫਿਊਚਰ ਰੀਟੇਲ ਲਿਮਟਿਡ ਦੀ ਰਿਲਾਇੰਸ ਰੀਟੇਲ ਨਾਲ ਬਹੁ ਅਰਬੀ ਡੀਲ ਲਈ ਰਾਹ ਪੱਧਰਾ ਕੀਤਾ ਸੀ। ਇਸ ਸਿੰਗਲ ਜੱਜ ਦੇ ਬੈਂਚ ਦੇ ਫੈਸਲੇ ਖਿਲਾਫ਼ ਐਮਾਜ਼ੋਨ ਨੇ ਸਰਵਉਚ ਅਦਾਲਤ ਕੋਲ ਪਹੁੰਚ ਕੀਤੀ ਸੀ। ਫਿਊਚਰ ਗਰੁੱਪ ਵਲੋਂ ਪੇਸ਼ ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਜਸਟਿਸ ਆਰ ਐਫ ਨਰੀਮਨ, ਕੇ ਐਮ ਜੋਸਫ ਤੇ ਬੀ ਆਰ ਗਵੱਈ ਦੇ ਬੈਂਚ ਨੂੰ ਕਿਹਾ ਕਿ ਇਸ ਮਾਮਲੇ ਵਿਚ ਸਿੰਗਾਪੁਰ ਟ੍ਰਿਬਿਊਨਲ 12 ਜੁਲਾਈ ਤੋਂ ਸੁਣਵਾਈ ਸ਼ੁਰੂ ਕਰੇਗਾ ਜਿਸ ਕਰ ਕੇ ਇਹ ਸੁਣਵਾਈ ਇਕ ਹਫਤਾ ਹੋਰ ਅੱਗੇ ਪਾਈ ਜਾਵੇ। ਦੱਸਣਾ ਬਣਦਾ ਹੈ ਕਿ ਐਮਾਜ਼ੋਨ ਨੇ ਹਾਈ ਕੋਰਟ ਦੇ 8 ਫਰਵਰੀ ਤੇ 22 ਮਾਰਚਾਂ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਇੰਡਸਟਰੀਜ਼ ਦੀ ਸਹਿਯੋਗੀ ਕੰਪਨੀ ਰਿਟੇਲ ਵੈਂਚਰਜ਼ ਲਿਮਟਿਡ ਨੇ ਫਿਊਚਰ ਗਰੁੱਪ ਦੇ ਰਿਟੇਲ ਐਂਡ ਹੋਲਸੇਲ ਬਿਜ਼ਨਸ ਐਂਡ ਲੌਜਿਸਟਿਕਸ ਐਂਡ ਵੇਅਰਹਾਊਸ ਬਿਜ਼ਨਸ ਖਰੀਦਣ ਦਾ ਸੌਦਾ ਪਿਛਲੇ ਸਾਲ ਕੀਤਾ ਸੀ। ਇਹ ਸੌਦਾ 24,713 ਕਰੋੜ ਵਿਚ ਹੋਇਆ ਸੀ ਪਰ ਫਿਊਚਰ ਰਿਟੇਲ ਦੀ ਪਹਿਲੀ ਭਾਈਵਾਲ ਐਮਾਜ਼ੋਨ ਨੇ ਇਸ ਸੌਦੇ ‘ਤੇ ਇਤਰਾਜ਼ ਜਤਾਇਆ ਸੀ। ਇਸ ਵੇਲੇ ਦੇਸ਼ ਦੇ ਰਿਟੇਲ ਸੈਕਟਰ ਵਿਚ ਦਬਦਬਾ ਬਣਾਉਣ ਲਈ ਰਿਲਾਇੰਸ ਤੇ ਐਮਾਜ਼ੋਨ ਤਰਲੋ ਮੱਛੀ ਹੋ ਰਹੇ ਹਨ।-ਪੀਟੀਆਈ

News Source link