ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 8 ਜੁਲਾਈ

ਇਥੋਂ ਨੇੜਲੇ ਪਿੰਡ ਆਲੋਅਰਖ ਵਿਖੇ ਕੈਮੀਕਲ ਫੈਕਟਰੀ ਵੱਲੋਂ ਕਥਿਤ ਤੌਰ ‘ਤੇ ਧਰਤੀ ਵਿੱਚ ਜਜ਼ਬ ਕੀਤੇ ਕੈਮੀਕਲ ਤਰਲ ਪਦਾਰਥਾਂ ਕਾਰਨ ਕਈ ਕਿਸਾਨਾਂ ਦੀਆਂ ਮੋਟਰਾਂ ਦਾ ਪਾਣੀ ਪ੍ਰਦੂਸ਼ਤ ਹੋ ਗਿਆ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਕਿਸਾਨਾਂ ਤੇ ਮਜ਼ਦੂਰਾਂ ਨੂੰ ਚਮੜੀ ਦੇ ਰੋਗ ਲੱਗ ਰਹੇ ਹਨ। ਇਥੇ ਇਹ ਦੱਸਣਯੋਗ ਹੈ ਕਿ ਭਵਾਨੀਗੜ੍ਹ ਬਲਾਕ ਦੇ ਪਿੰਡ ਆਲੋਅਰਖ ਵਿਖੇ 80ਵਿਆਂ ਦੇ ਦਹਾਕੇ ਵਿੱਚ ਕੈਮੀਕਲ ਪਲਾਂਟ ਲੱਗਿਆ ਸੀ। ਇਹ ਪਲਾਂਟ ਦੇ ਮਾਲਕ ਫੈਕਟਰੀ ਦੀ ਪ੍ਰੋਡਕਸ਼ਨ ਦੌਰਾਨ ਫਾਲਤੂ ਤਰਲ ਪਦਾਰਥ ਜ਼ਮੀਨ ਵਿੱਚ 300 ਫੁੱਟ ਡੂੰਘੇ ਬੋਰ ਕਰਕੇ ਕਥਿਤ ਜਜ਼ਬ ਕਰ ਦਿੰਦੇ ਸਨ। ਉਸ ਸਮੇਂ ਜ਼ਮੀਨ ਦੇ ਪਾਣੀ ਦਾ ਪੱਧਰ ਉਪਰ ਹੋਣ ਕਾਰਨ ਖੇਤੀ ਮੋਟਰਾਂ ਦਾ ਪਾਣੀ ਠੀਕ ਚਲਦਾ ਰਿਹਾ। ਇਹ ਫੈਕਟਰੀ 2006 ਵਿੱਚ ਬੰਦ ਹੋ ਗਈ ਸੀ ਅਤੇ ਇਸ ਦੇ ਮਾਲਕ ਇਸ ਨੂੰ ਵੇਚ ਕੇ ਕਿਸੇ ਦੂਜੇ ਸੂਬੇ ਵਿਚ ਚਲੇ ਗਏ ਸਨ। ਆਲੋਅਰਖ ਦੇ ਪੀੜਤ ਕਿਸਾਨ ਕੁਲਵਿੰਦਰ ਸਿੰਘ, ਅੰਮ੍ਰਿਤ ਸਿੰਘ ਅਤੇ ਰਾਜਵੰਤ ਸਿੰਘ ਨੇ ਦੱਸਿਆ ਕਿ ਜਦੋਂ ਇਹ ਫੈਕਟਰੀ ਚਲਦੀ ਸੀ, ਉਸ ਸਮੇਂ ਇਸ ਦਾ ਜ਼ਹਿਰੀਲਾ ਧੂੰਆਂ ਫਸਲਾਂ ਦਾ ਭਾਰੀ ਨੁਕਸਾਨ ਕਰਦਾ ਸੀ ਅਤੇ ਹੁਣ ਜਦੋਂ ਧਰਤੀ ਦੇ ਪਾਣੀ ਦੀ ਤਹਿ ਬਹੁਤ ਹੇਠਾਂ ਜਾਣ ਕਾਰਨ ਉਨ੍ਹਾਂ ਨੇ ਖੇਤੀ ਮੋਟਰਾਂ ਦੇ ਬੋਰ 300 ਫੁੱਟ ਡੂੰਘੇ ਲਗਵਾਏ ਤਾਂ ਕਈ ਸਾਲਾਂ ਤੋਂ ਉਨ੍ਹਾਂ ਦੀਆਂ ਮੋਟਰਾਂ ਦਾ ਪਾਣੀ ਸੁਰਖ ਲਾਲ ਆਉਣ ਲੱਗ ਪਿਆ। ਉਨ੍ਹਾਂ ਕਿਹਾ ਕਿ ਇਸ ਪਾਣੀ ਨਾਲ ਝੋਨੇ ਅਤੇ ਕਣਕ ਦਾ ਝਾੜ ਬਿਲਕੁੱਲ ਘਟ ਗਿਆ ਹੈ ਅਤੇ ਝੋਨਾ ਲਾਉਣ ਵਾਲੇ ਮਜ਼ਦੂਰਾਂ ਦੀ ਚਮੜੀ ਤੇ ਬਹੁਤ ਭਿਆਨਕ ਅਲਰਜੀ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਹੜਾ ਮਜਦੂਰ ਇਕ ਵਾਰ ਉਨ੍ਹਾਂ ਦੇ ਖੇਤ ਵਿੱਚ ਝੋਨਾ ਲਾਉਣ ਆਉਦਾ ਹੈ, ਉਹ ਅਲਰਜੀ ਤੋਂ ਡਰ ਕਾਰਣ ਦੁਬਾਰਾ ਕੰਮ ‘ਤੇ ਨਹੀਂ ਆਉਂਦਾ।

ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਬਲਾਕ ਪ੍ਰਧਾਨ ਅਜੈਬ ਸਿੰਘ ਲੱਖੋਵਾਲ, ਹਰਮੇਲ ਸਿੰਘ ਤੁੰਗਾਂ ਅਤੇ ਗੁਰਦੇਵ ਸਿੰਘ ਆਲੋਅਰਖ ਨੇ ਪੀੜਤ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।

ਐੱਸਡੀਐੱਮ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰ ਰਹੇ ਹਨ। ਇਸੇ ਦੌਰਾਨ ਖੇਤੀਬਾੜੀ ਵਿਭਾਗ ਭਵਾਨੀਗੜ੍ਹ ਦੇ ਏਡੀਓ ਮਨਦੀਪ ਸਿੰਘ ਨੇ ਦੱਸਿਆ ਕਿ ਉਹ ਵਿਭਾਗ ਵੱਲੋਂ ਮੋਟਰਾਂ ਦੇ ਪਾਣੀ ਅਤੇ ਕਿਸਾਨਾਂ ਦੇ ਖੇਤ ਦੀ ਮਿੱਟੀ ਦੇ ਟੈਸਟ ਕਰਵਾ ਰਹੇ ਹਨ।

News Source link