ਨਵੀਂ ਦਿੱਲੀ, 8 ਜੁਲਾਈ

ਕੇਂਦਰੀ ਵਜ਼ਾਰਤ ‘ਚ ਵੱਡੇ ਫੇਰਬਦਲ ਤੋਂ ਇਕ ਦਿਨ ਮਗਰੋਂ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਖੇਤੀ ਕਾਨੂੰਨਾਂ ਖਿਲਾਫ਼ ਵਿੱਢਿਆ ਆਪਣਾ ਸੰਘਰਸ਼ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਤਿੰਨੋਂ ਖੇਤੀ ਕਾਨੂੰਨਾਂ ਵਿਚਲੀਆਂ ਵਿਵਸਥਾਵਾਂ ਬਾਰੇ ਸਰਕਾਰ ਨਾਲ ਮੁੜ ਗੱਲਬਾਤ ਸ਼ੁਰੂ ਕਰਨ। ਤੋਮਰ ਨੇ ਹਾਲਾਂਕਿ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀਆਂ ਸੰਭਾਵਨਾਵਾਂ ਤੋਂ ਉੱਕਾ ਹੀ ਨਾਂਹ ਕਰ ਦਿੱਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲਾਂ ਦੀ ਖਰੀਦ ਤੇ ਮੰਡੀਆਂ (ਏਪੀਐੱਮਸੀ) ਦਾ ਪ੍ਰਬੰਧ ਜਾਰੀ ਰਹੇਗਾ ਤੇ ਇਸ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਤੋਮਰ ਦਾ ਇਹ ਬਿਆਨ ਅਜਿਹੇ ਮੌਕੇ ਸਾਹਮਣੇ ਆਇਆ ਹੈ ਜਦੋਂ ਕਿਸਾਨਾਂ ਨੇ ਅਗਾਮੀ ਮੌਨਸੂਨ ਇਜਲਾਸ ਦੇ ਮੱਦੇਨਜ਼ਰ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਸਰਕਾਰ ਨੂੰ ਘੇਰਨ ਲਈ ਵਿਉਂਤਬੰਦੀ ਕੀਤੀ ਹੋਈ ਹੈ।-ਪੀਟੀਆਈ

News Source link