ਕੋਲਕਾਤਾ, 7 ਜੁਲਾਈ

ਪੱਛਮੀ ਬੰਗਾਲ ਦੇ ਕਿਰਤ ਮੰਤਰੀ ਬੇਚਾਰਾਮ ਮੰਨਾ ਤੇਲ ਕੀਮਤਾਂ ‘ਚ ਬੇਰੋਕ ਵਾਧੇ ਖਿਲਾਫ਼ ਰੋਸ ਦਰਜ ਕਰਵਾਉਣ ਲਈ ਹੁਗਲੀ ਜ਼ਿਲ੍ਹੇ ਵਿਚਲੇ ਆਪਣੇ ਘਰ ਤੋਂ 38 ਕਿਲੋਮੀਟਰ ਦਾ ਫਾਸਲਾ ਸਾਈਕਲ ‘ਤੇ ਤੈਅ ਕਰਕੇ ਸੂਬਾਈ ਅਸੈਂਬਲੀ ‘ਚ ਪੁੱਜੇ। ਸਿੰਗੂਰ ਤੋਂ ਟੀਐੱਮਸੀ ਵਿਧਾਇਕ ਸਾਲ 2000 ਵਿੱਚ ਟਾਟਾ ਨੈਨੋ ਫੈਕਟਰੀ ਖਿਲਾਫ਼ ਕੀਤੇ ਪ੍ਰਦਰਸ਼ਨਾਂ ਤੋਂ ਸੁਰਖ਼ੀਆਂ ‘ਚ ਆਇਆ ਸੀ। ਉਹ ਅੱਜ ਸਵੇਰੇ 8 ਵਜੇ ਦੇ ਕਰੀਬ ਆਪਣੇ ਘਰੋਂ ਸਾਈਕਲ ‘ਤੇ ਸਵਾਰ ਹੋ ਕੇ ਕੋਲਕਾਤਾ ਲਈ ਨਿਕਲੇ ਤੇ 12:30 ਵਜੇ ਅਸੈਂਂਬਲੀ ਬਿਲਡਿੰਗ ‘ਚ ਪਹੁੰਚ ਕੇ ਇਜਲਾਸ ‘ਚ ਸ਼ਾਮਲ ਹੋਏ। ਮੰਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ”ਅਸਮਾਨੀ ਪੁੱਜੀਆਂ ਤੇਲ ਕੀਮਤਾਂ ਨਰਿੰਦਰ ਮੋਦੀ ਸਰਕਾਰ ਦੀ ਇਕ ਹੋਰ ਨਾਕਾਮੀ ਹੈ। ਕੋਲਕਾਤਾ ਵਿੱਚ ਪੈਟਰੋਲ ਦੀ ਕੀਮਤ ਸੈਂਕੜੇ ਦੇ ਮੀਲਪੱਥਰ ਨੂੰ ਟੱਪ ਚੁੱਕੀ ਹੈ ਤੇ ਅਸੀਂ ਇਸ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਾਂ।’

News Source link