ਮੁੰਬਈ, 5 ਜੁਲਾਈ

ਕਬਾਇਲੀ ਲੋਕਾਂ ਦੇ ਹੱਕਾਂ ਬਾਰੇ ਕਾਰਕੁਨ ਤੇ ਈਸਾਈ ਪਾਦਰੀ ਸਟੈਨ ਸਵਾਮੀ(84) ਦਾ ਅੱਜ ਇਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਬਾਅਦ ਦੁਪਹਿਰ ਡੇਢ ਵਜੇ ਦੇ ਕਰੀਬ ਆਖਰੀ ਸਾਹ ਲਏ। ਐਲਗਰ ਪ੍ਰੀਸ਼ਦ-ਮਾਓਵਾਦੀ ਲਿੰਕ ਕੇਸ ‘ਚ ਮੁਲਜ਼ਮ ਵਜੋਂ ਨਾਮਜ਼ਦ ਸਟੈਨ ਸਵਾਮੀ ਮੁੰਬਈ ਹਾਈ ਕੋਰਟ ਦੇ ਹੁਕਮਾਂ ‘ਤੇ ਬਾਂਦਰਾ ਉਪ-ਨਗਰ ਦੇ ਹੋਲੀ ਫੈਮਿਲੀ ਹਸਪਤਾਲ ‘ਚ ਜ਼ੇਰੇ ਇਲਾਜ ਸਨ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਹ ਵੈਂਟੀਲੇਟਰ ਸਪੋਰਟ ‘ਤੇ ਸਨ। ਸਵਾਮੀ ਨੂੰ ਹਾਈ ਕੋਰਟ ਦੇ ਹੁਕਮਾਂ ‘ਤੇ 29 ਮਈ ਨੂੰ ਤਾਲੋਜਾ ਜੇਲ੍ਹ ਤੋਂ ਨਿੱਜੀ ਹਸਪਤਾਲ ‘ਚ ਤਬਦੀਲ ਕੀਤਾ ਗਿਆ ਸੀ। ਉਹ ਪਾਰਕਿਨਸਨ ਰੋਗ ਤੋਂ ਪੀੜਤ ਸਨ। ਹਸਪਤਾਲ ਦੇ ਡਾਇਰੈਕਟਰ ਡਾ.ਇਆਨ ਡਿਸੂਜ਼ਾ ਨੇ ਹਾਈ ਕੋਰਟ ਨੂੰ ਸਵਾਮੀ ਦੀ ਮੌਤ ਬਾਰੇ ਦੱਸਦਿਆਂ ਕਿਹਾ ਕਿ ਐਤਵਾਰ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ, ਜਿਸ ਮਗਰੋਂ ਉਹ ਵੈਂਟੀਲੇਟਰ ਸਪੋਰਟ ‘ਤੇ ਹੀ ਸਨ। ਉਧਰ ਸਵਾਮੀ ਦੇ ਵਕੀਲ ਮਿਹਿਰ ਦੇਸਾਈ ਨੇ ਤਾਲੋਜਾ ਜੇਲ੍ਹ ਪ੍ਰਸ਼ਾਸਨ ‘ਤੇ ਅਣਗਹਿਲੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਵਾਮੀ ਨੂੰ ਸਮੇਂ ਸਿਰ ਇਲਾਜ ਮੁਹੱਈਆ ਕਰਵਾਉਣ ਵਿੱਚ ਨਾਕਾਮ ਰਿਹਾ। ਐੱਨਆਈਏ ਨੇ ਸਵਾਮੀ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਗ੍ਰਿਫ਼ਤਾਰ ਕੀਤਾ ਸੀ ਤੇ ਉਦੋਂ ਤੋਂ ਉਹ ਜੇਲ੍ਹ ਵਿੱਚ ਬੰਦ ਸਨ। ਸਵਾਮੀ ਦੀ ਮੈਡੀਕਲ ਜ਼ਮਾਨਤ ਅਰਜ਼ੀ ‘ਤੇ ਪਹਿਲਾਂ ਅੱਜ ਸੁਣਵਾਈ ਹੋਣੀ ਸੀ, ਪਰ ਫਿਰ ਈਸਾਈ ਪਾਦਰੀ ਦੀ ਨਾਸਾਜ਼ ਸਿਹਤ ਦੇ ਹਵਾਲੇ ਨਾਲ ਸੁਣਵਾਈ ਨੂੰ ਅੱਗੇ ਪਾ ਦਿੱਤਾ ਗਿਆ ਸੀ। -ਪੀਟੀਆਈ

News Source link