ਪੋਰਟ ਓ ਪ੍ਰਿੰਸ (ਹੈਤੀ), 1 ਜੁਲਾਈ

ਹੈਤੀ ਦੀ ਰਾਜਧਾਨੀ ਪੋਰਟ ਓ ਪ੍ਰਿੰਸ ਦੇ ਨੇੜਲੇ ਇਲਾਕੇ ਦੀ ਮੁੱਖ ਸੜਕ ‘ਤੇ ਹੋਈ ਗੋਲੀਬਾਰੀ ਵਿਚ ਇਕ ਪੱਤਰਕਾਰ ਤੇ ਇਕ ਸਿਆਸੀ ਕਾਰਕੁਨ ਸਣੇ ਘੱਟੋ-ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਕੌਮੀ ਪੁਲੀਸ ਦੇ ਮੁਖੀ ਲਿਓਨ ਚਾਰਲਸ ਨੇ ਅੱਜ ਦਿੱਤੀ।

ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਰਾਤ ਹੋਏ ਇਸ ਹਮਲੇ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਉਨ੍ਹਾਂ ਕੋਈ ਹੋਰ ਜਾਣਕਾਰੀ ਨਹੀਂ ਦਿੱਤੀ ਕਿ ਇਹ ਹਮਲਾ ਕਿਸੇ ਇਕ ਵਿਅਕਤੀ ਨੇ ਕੀਤਾ ਜਾਂ ਕਈ ਹਥਿਆਰਬੰਦਾਂ ਨੇ ਕੀਤਾ। ਡੈਲਮਾਸ 32 ਵਿਚ ਇਕ ਮੁੱਖ ਸੜਕ ਕੰਢੇ ਲਾਸ਼ਾਂ ਖਿੱਲਰੀਆਂ ਪਈਆਂ ਸਨ। ਚਾਰਲਸ ਨੇ ਦੱਸਿਆ ਕਿ ਅਸੰਤੁਸ਼ਟ ਪੁਲੀਸ ਅਧਿਕਾਰੀਆਂ ਦੇ ਇਕ ਸਮੂਹ ਜਿਸ ਨੂੰ ਫੈਂਟਮ 509 ਵਜੋਂ ਜਾਣਿਆ ਜਾਂਦਾ ਹੈ, ਦੇ ਤਰਜਮਾਨ ਦੀ ਹੱਤਿਆ ਕੀਤੇ ਜਾਣ ਤੋਂ ਕੁਝ ਹੀ ਘੰਟਿਆਂ ਬਾਅਦ ਗੋਲੀਬਾਰੀ ਦੀ ਇਹ ਘਟਨਾ ਵਾਪਰੀ। ਉਨ੍ਹਾਂ ਇਸ ਸਮੂਹਿਕ ਕਤਲ ਕਾਂਡ ਲਈ ਫੈਂਟਮ 509 ਨੂੰ ਜ਼ਿੰਮੇਵਾਰ ਠਹਿਰਾਇਆ ਪਰ ਕੋਈ ਸਬੂਤ ਨਹੀਂ ਦਿੱਤਾ। ਹੈਤੀ ਦੀ ਕੌਮੀ ਪੁਲੀਸ ਦੀ ਅਗਵਾਈ ਕਰਨ ਵਾਲੇ ਚਾਰਲਸ ਨੇ ਕਿਹਾ, ”ਪੁਲੀਸ ਕਿਸੇ ਵੀ ਰੂਪ ਵਿਚ ਬਦਲੇ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰੇਗੀ।” ਉੱਧਰ, ਇਸ ਸਬੰਧੀ ਪੱਖ ਜਾਣਨ ਲਈ ਫੈਂਟਮ 509 ਦੇ ਮੈਂਬਰਾਂ ਨਾਲ ਸੰਪਰਕ ਨਹੀਂ ਹੋ ਸਕਿਆ।

ਮ੍ਰਿਤਕਾਂ ਵਿਚ ਰੇਡੀਓ ਵਿਜ਼ਨ 2000 ਲਈ ਕੰਮ ਕਰਨ ਵਾਲਾ ਪੱਤਰਕਾਰ ਡਿਐਗੋ ਚਾਰਲਸ ਅਤੇ ਸਿਆਸੀ ਕਾਰਕੁਨ ਐਂਟੋਇਨੈੱਟ ਡੱਕਲੇਅਰ ਵੀ ਸ਼ਾਮਲ ਸਨ। ਇਸ ਕਤਲੇਆਮ ਨੇ ਕਈਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਰਾਜਧਾਨੀ ਵਿਚ ਪਿਛਲੇ ਕੁਝ ਮਹੀਨਿਆਂ ਵਿਚ ਸਮੂਹਾਂ ਵਿਚਾਲੇ ਹਿੰਸਾ ਵਧਣ ਦੀਆਂ ਘਟਨਾਵਾਂ ਦਰਮਿਆਨ ਇਹ ਘਟਨਾ ਵਾਪਰੀ ਹੈ।

-ਏਪੀ

ਅਮਰੀਕਾ ਵੱਲੋਂ ਕਤਲੇਆਮ ਦੀ ਅਲੋਚਨਾ

ਅਮਰੀਕੀ ਸਫ਼ਾਰਤਖਾਨੇ ਨੇ ਇਕ ਬਿਆਨ ਜਾਰੀ ਕਰ ਕੇ ਇਸ ਕਤਲੇਆਮ ਦੀ ਆਲੋਚਨਾ ਕੀਤੀ ਹੈ। ਸਫ਼ਾਰਤਖਾਨੇ ਨੇ ਕਿਹਾ, ”ਜ਼ਿੰਦਗੀਆਂ ਦੇ ਨੁਕਸਾਨ ਤੇ ਆਮ ਅਸੁਰੱਖਿਆ ਨੂੰ ਲੈ ਕੇ ਉਹ ਬਹੁਤ ਚਿੰਤਤ ਹੈ। ਅਮਰੀਕਾ ਹੈਤੀ ਦੀ ਸਰਕਾਰ ਤੋਂ ਗਰੋਹਾਂ ਨੂੰ ਫੈਲਣ ਤੋਂ ਰੋਕ ਕੇ ਅਤੇ ਮੁਲਜ਼ਮਾਂ ਨੂੰ ਸਜ਼ਾ ਦਿਵਾ ਕੇ ਆਪਣੇ ਨਾਗਰਿਕਾਂ ਦੀ ਰੱਖਿਆ ਕਰਨ ਦੀ ਅਪੀਲ ਕਰਦਾ ਹੈ।”

News Source link