ਪਰਮਜੀਤ ਸਿੰਘ

ਫਾਜ਼ਿਲਕਾ, 2 ਜੁਲਾਈ

ਪੰਜਾਬ ਵਿੱਚ ਬਿਜਲੀ ਸੰਕਟ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੌਰਾਨ ਅੱਜ ਫ਼ਾਜ਼ਿਲਕਾ ਦੇ ਬਿਜਲੀ ਘਰ ਸਾਹਮਣੇ ਧਰਨੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਅਤੇ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਟਪਲਾ ਖਾ ਗਏ। ਉਨ੍ਹਾਂ ਨੂੰ ਭਾਸ਼ਨ ਦਿੰਦਿਆਂ ਚੇਤੇ ਨਹੀਂ ਰਿਹਾ ਕਿ ਸਾਲ ਵਿੱਚ 12 ਮਹੀਨੇ ਹੁੰਦੇ ਹਨ ਜਾਂ 24 ਮਹੀਨੇ। ਉਨ੍ਹਾਂ ਕਿਹਾ ਹੁਣ ਕਾਂਗਰਸ ਸਰਕਾਰ ਦੇ ਰਾਜ ‘ਚ ਨਹਿਰਾਂ ‘ਚ ਸਿਰਫ ਛੇ ਮਹੀਨੇ ਪਾਣੀ ਆ ਰਿਹਾ ਹੈ। ਉਨ੍ਹਾਂ ਦੀ ਸਰਕਾਰ ਆਉਣ ‘ਤੇ ਕਿਸਾਨਾਂ ਲਈ ਸਾਲ ਵਿੱਚ ਚੌਵੀ ਮਹੀਨੇ ਨਹਿਰਾਂ ‘ਚ ਪਾਣੀ ਛੱਡਿਆ ਜਾਵੇਗਾ। ਸਾਲ ਵਿੱਚ ਬਾਰਾਂ ਮਹੀਨੇ ਨੂੰ ਚੌਵੀ ਮਹੀਨੇ ਦੱਸ ਰਹੇ ਸ੍ਰੀ ਬਾਦਲ ਦੀ ਗੱਲ ਸੁਣ ਕੇ ਸਾਰੇ ਵਰਕਰ ਅਤੇ ਆਗੂ ਹੱਕੇ ਬੱਕੇ ਰਹਿ ਗਏ। ਇਸ ਮੌਕੇ ਆਪਣੇ ਸੰਬੋਧਨ ‘ਚ ਉਨ੍ਹਾਂ ਜਿੱਥੇ ਪੰਜਾਬ ਸਰਕਾਰ ਦੀ ਜੰਮ ਕੇ ਨੁਕਤਾਚੀਨੀ ਕੀਤੀ, ਉਥੇ ਹੀ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ ਨੂੰ ਮੁੱਖ ਤੌਰ ‘ਤੇ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ‘ਚ ਸਰਕਾਰ ਆਉਣ ‘ਤੇ ਜਾਂਚ ਕਰ ਕੇ ਘੁਬਾਇਆ ਪਰਿਵਾਰ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਇੱਥੋਂ ਤੱਕ ਕਹਿ ਦਿੱਤਾ ਕਿ ਵਿਧਾਇਕ ਘੁਬਾਇਆ ਨੂੰ ਭੱਜਣ ਲਈ ਕੋਈ ਗਲੀ ਨਹੀਂ ਲੱਭੇਗੀ। ਇਸ ਮੌਕੇ ਅਕਾਲੀ ਦਲ ‘ਚ ਸ਼ਾਮਲ ਹੋਏ ਸਾਬਕਾ ਮੰਤਰੀ ਹੰਸ ਰਾਜ ਜੋਸਨ, ਸਾਬਕਾ ਓਐੱਸਡੀ ਸਤਿੰਦਰਜੀਤ ਸਿੰਘ ਮੰਟਾ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ।

News Source link