ਵਾਸ਼ਿੰਗਟਨ, 30 ਜੂਨ

ਰਸੂਖ਼ਵਾਨ ਅਮਰੀਕੀ ਕਾਂਗਰਸ ਮੈਂਬਰਾਂ ਨੇ ਦੋ ਉੱਘੇ ਭਾਰਤੀ-ਅਮਰੀਕੀਆਂ ਚਰਨਜੀਤ ਸਿੰਘ (ਕੈਲੀਫੋਰਨੀਆ) ਤੇ ਪ੍ਰੀਤਮ ਸਿੰਘ ਗਰੇਵਾਲ (ਨਿਊ ਜਰਸੀ) ਨੂੰ ਇਸੇ ਹਫ਼ਤੇ ਪ੍ਰਤੀਨਿਧੀ ਸਭਾ ਵਿਚ ਸ਼ਰਧਾਂਜਲੀ ਦਿੱਤੀ ਹੈ। ਚਰਨਜੀਤ ਸਿੰਘ ਦਾ 12 ਮਈ ਨੂੰ ਦੇਹਾਂਤ ਹੋ ਗਿਆ ਸੀ। ਕਾਂਗਰਸ ਮੈਂਬਰ ਜਿਮ ਕੋਸਟਾ ਨੇ ਦੱਸਿਆ ਕਿ ਚਰਨਜੀਤ ਸਫ਼ਲ ਕਾਰੋਬਾਰੀ ਸਨ।

ਉਹ 1988 ਵਿਚ ਲੁਧਿਆਣਾ ਤੋਂ ਅਮਰੀਕਾ ਆਏ ਸਨ। ਮਗਰੋਂ ਉਹ ਲਾਸ ਏਂਜਲਸ ਵਿਚ ਵਸ ਗਏ ਤੇ ਉਨ੍ਹਾਂ ਦੇ ਪਰਿਵਾਰ ਦੇ ਇੱਥੇ ਕਈ ਵੱਡੇ ਸਟੋਰ ਹਨ। ਉਨ੍ਹਾਂ ਕਿਹਾ ਕਿ ਚਰਨਜੀਤ ਸਖ਼ਤ ਮਿਹਨਤੀ ਸਨ ਤੇ ਆਪਣੇ ਪਰਿਵਾਰ ਨਾਲ 2003 ਵਿਚ ਫਰੈਜ਼ਨੋ ਰਹਿਣ ਲੱਗ ਪਏ। ਕਾਂਗਰਸ ਮੈਂਬਰ ਨੇ ਦੱਸਿਆ ਕਿ ਸੈਂਟਰਲ ਵੈਲੀ ਵਿਚ ਰਹਿੰਦਿਆਂ ਉਨ੍ਹਾਂ ਆਪਣਾ ਕਾਰੋਬਾਰ ਹੋਰ ਵਧਾਇਆ। ਚਰਨਜੀਤ ਸਿੰਘ ਕੋਲ ਕਰੀਬ 30 ਗੈਸ ਸਟੇਸ਼ਨ ਤੇ ਸ਼ਰਾਬ ਦੇ ਸਟੋਰ ਸਨ। ਆਪਣੇ ਪਰਿਵਾਰ ਦੇ ਵੀ ਉਹ ਕਾਫ਼ੀ ਨੇੜੇ ਰਹੇ। ਇਸੇ ਦੌਰਾਨ ਕਾਂਗਰਸ ਮੈਂਬਰ ਜੌਸ਼ ਗੌਥੀਮਰ ਨੇ ਦੱਸਿਆ ਕਿ ਪ੍ਰੀਤਮ ਸਿੰਘ ਗਰੇਵਾਲ ਨਿਊ ਜਰਸੀ ਵਿਚ ਭਾਈਚਾਰੇ ਦੇ ਸਭ ਤੋਂ ਵੱਧ ਦਿਆਲੂ ਆਗੂਆਂ ਵਿਚੋਂ ਸਨ। ਉਨ੍ਹਾਂ ਕਈਆਂ ‘ਤੇ ਆਪਣੀ ਛਾਪ ਛੱਡੀ।

ਪ੍ਰੀਤਮ ਗਲੈੱਨ ਰੌਕ ਸਿੱਖ ਗੁਰਦੁਆਰਾ ਉਸਾਰਨ ਵਾਲੇ ਮੁੱਢਲੇ ਮੈਂਬਰਾਂ ‘ਚੋਂ ਇਕ ਸਨ। ਉਨ੍ਹਾਂ ਕਿਹਾ ਕਿ ਪ੍ਰੀਤਮ ਨੇ ਹਮੇਸ਼ਾ ਸਿੱਖ ਭਾਈਚਾਰੇ ਨੂੰ ਉਚੇਰੀ ਸਿੱਖਿਆ ਲਈ ਪ੍ਰੇਰਿਆ। ਉਹ ਫੇਅਰਲੇਹ ਡੀਕਿੰਸਨ ਯੂਨੀਵਰਸਿਟੀ ਵਿਚ ਮਕੈਨੀਕਲ ਇੰਜਨੀਅਰਿੰਗ ਵੀ ਪੜ੍ਹਾਉਂਦੇ ਰਹੇ। ਬਾਅਦ ਵਿਚ ਉਨ੍ਹਾਂ ਆਪਣੇ ਮਾਪਿਆਂ ਦੀ ਯਾਦ ‘ਚ ਇਕ ਸਕਾਲਰਸ਼ਿਪ ਵੀ ਸ਼ੁਰੂ ਕੀਤੀ। -ਪੀਟੀਆਈ

ਅਟਾਰਨੀ ਜਨਰਲ ਗੁਰਬੀਰ ਗਰੇਵਾਲ ਨੂੰ ਅਹਿਮ ਜ਼ਿੰਮੇਵਾਰੀ ਮਿਲੀ

ਨਿਊ ਯਾਰਕ: ਅਮਰੀਕੀ ਸੂਬੇ ਨਿਊ ਜਰਸੀ ਵਿਚ ਸਭ ਤੋਂ ਲੰਮਾ ਸਮਾਂ ਸਿੱਖ ਅਟਾਰਨੀ-ਜਨਰਲ ਵੱਜੋਂ ਸੇਵਾਵਾਂ ਦੇਣ ਵਾਲੇ ਗੁਰਬੀਰ ਸਿੰਘ ਗਰੇਵਾਲ ਇਸ ਅਹੁਦੇ ਨੂੰ ਛੱਡ ਰਹੇ ਹਨ। ਇਹ ਉੱਘਾ ਭਾਰਤੀ-ਅਮਰੀਕੀ ਹੁਣ ਅਮਰੀਕਾ ਦੇ ਸਕਿਉਰਿਟੀਜ਼ ਤੇ ਐਕਸਚੇਂਜ ਕਮਿਸ਼ਨ ਵਿਚ ਅਹਿਮ ਜ਼ਿੰੰਮੇਵਾਰੀ ਨਿਭਾਏਗਾ। ਗਰੇਵਾਲ (48) ਕਮਿਸ਼ਨ ਦੀ ਐਨਫੋਰਸਮੈਂਟ ਡਿਵਿਜ਼ਨ ਦਾ ਡਾਇਰੈਕਟਰ ਹੋਵੇਗਾ। ਉਹ 26 ਜੁਲਾਈ ਨੂੰ ਅਹੁਦਾ ਸੰਭਾਲਣਗੇ। ਜਨਵਰੀ 2018 ਤੋਂ ਉਹ ਅਮਰੀਕੀ ਸੂਬੇ ਦੇ ਚੋਟੀ ਦੇ ਕਾਨੂੰਨੀ ਅਧਿਕਾਰੀ ਵਜੋਂ ਸੇਵਾਵਾਂ ਦੇ ਰਹੇ ਸਨ। -ਪੀਟੀਆਈ

News Source link