ਨਵੀਂ ਦਿੱਲੀ, 1 ਜੁਲਾਈ

ਭਾਰਤ ਨੇ ਵੀਰਵਾਰ ਨੂੰ ਪਾਕਿਸਤਾਨ ਨੂੰ ਕਿਹਾ ਕਿ ਉਹ ਪਾਕਿਸਤਾਨੀ ਜੇਲ੍ਹਾਂ ਵਿੱਚ ਬੰਦ ਭਾਰਤੀ ਨਾਗਰਿਕਾਂ ਅਤੇ ਲਾਪਤਾ ਰੱਖਿਆ ਮੁਲਾਜ਼ਮਾਂ ਦੀ ਛੇਤੀ ਰਿਹਾਈ ਅਤੇ ਘਰ ਵਾਪਸੀ ਲਈ ਰਾਹ ਪੱਧਰਾ ਕਰੇ। ਭਾਰਤ ਅਤੇ ਪਾਕਿਸਤਾਨ ਨੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਅਤੇ ਮਛੇਰਿਆਂ ਦੀਆਂ ਸੂਚੀਆਂ ਇਕ ਦੂਜੇ ਨੂੰ ਦਿੱਤੀਆਂ ਹਨ। ਭਾਰਤ ਨੇ ਪਾਕਿਸਤਾਨ ਤੋਂ ਭਾਰਤੀ ਕੈਦੀਆਂ, ਲਾਪਤਾ ਰੱਖਿਆ ਮੁਲਾਜ਼ਮਾਂ ਅਤੇ ਮਛੇਰਿਆਂ ਨੂੰ ਛੇਤੀ ਰਿਹਾਅ ਕਰਨ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਛੱਡਣ ਲਈ ਵੀ ਕਿਹਾ ਹੈ। ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਵੱਲੋਂ ਜਾਰੀ ਬਿਆਨ ਅਨੁਸਾਰ, ਭਾਰਤ ਅਤੇ ਪਾਕਿਸਤਾਨ ਵੱਲੋਂ ਸਾਲ 2008 ਦੇ ਸਮਝੌਤੇ ਤਹਿਤ ਹਰ ਵਰ੍ਹੇ ਇਕ ਜਨਵਰੀ ਅਤੇ ਇਕ ਜੁਲਾਈ ਨੂੰ ਅਜਿਹੀਆਂ ਸੂਚੀਆਂ ਇਕ ਦੂਜੇ ਨਾਲ ਵੰਡਾਈਆਂ ਜਾਂਦੀਆਂ ਹਨ। ਵਿਦੇਸ਼ ਮੰਤਰਾਲੇ ਅਨੁਸਾਰ, ਭਾਰਤ ਨੇ 271 ਪਾਕਿਸਤਾਨੀ ਕੈਦੀਆਂ ਅਤੇ 74 ਮਛੇਰਿਆਂ ਦੀ ਸੂਚੀ ਸੌਂਪੀ ਹੈ। ਇਸੇ ਤਰ੍ਹਾਂ ਪਾਕਿਸਤਾਨ ਨੇ 51 ਕੈਦੀਆਂ ਅਤੇ 558 ਮਛੇਰਿਆਂ ਦੀ ਸੁੂਚੀ ਸੌਂਪੀ ਹੈ ਜਿਨ੍ਹਾਂ ਬਾਰੇ ਸਮਝਿਆ ਜਾਂਦਾ ਹੈ ਕਿ ਉਹ ਭਾਰਤੀ ਨਾਗਰਿਕ ਹਨ। ਬਿਆਨ ਅਨੁਸਾਰ ਸਰਕਾਰ ਨੇ ਭਾਰਤੀ ਕੈਦੀਆਂ, ਲਾਪਤਾ ਰੱਖਿਆ ਮੁਲਾਜ਼ਮਾਂ ਅਤੇ ਮਛੇਰਿਆਂ ਨੂੰ ਛੇਤੀ ਪਾਕਿਸਤਾਨ ਦੀ ਹਿਰਾਸਤ ਤੋਂ ਰਿਹਾਅ ਕਰਨ ਅਤੇ ਉਨ੍ਹਾਂ ਦੀਆਂ ਕਿਸ਼ਤੀਆਂ ਛੱਡਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵਿੱਚ ਬੰਦ 17 ਭਾਰਤੀ ਨਾਗਰਿਕਾਂ ਅਤੇ 194 ਮਛੇਰਿਆਂ ਤਕ ਤੁਰਤ ਸਫਾਰਤੀ ਪਹੁੰਚ ਦੇਣ ਲਈ ਵੀ ਕਿਹਾ ਗਿਆ ਹੈ। ਕਰੋਨਾ ਮਹਾਮਾਰੀ ਨੂੰ ਦੇਖਿਆਂ ਪਾਕਿਸਤਾਨ ਨੂੰ ਸਾਰੇ ਭਾਰਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਵੀ ਅਪੀਲ ਕੀਤੀ ਗਈ ਹੈ। –ਏਜੰਸੀ

News Source link