ਮੁੰਬਈ: ਟੀਵੀ ਸ਼ੋਅ ‘ਅਨੁਪਮਾ’ ਵਿੱਚ ਵਣਰਾਜ ਸ਼ਾਹ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਅਦਾਕਾਰ ਸੁਧਾਂਸ਼ੂ ਪਾਂਡੇ ਦਾ ਮੰਨਣਾ ਹੈ ਕਿ ਟੈਲੀਵਿਜ਼ਨ ਅਦਾਕਾਰ ਰੋਜ਼ਾਨਾ ਇੱਕੋ ਤਰ੍ਹਾਂ ਦੇ ਕਿਰਦਾਰ ਨਿਭਾਉਂਦੇ ਦੇਖੇ ਜਾਂਦੇ ਹਨ। ਇਸ ਲਈ ਉਹ ਅਸਾਨੀ ਨਾਲ ਇਕੋ ਭੂਮਿਕਾ ਵਿੱਚ ਢਲ ਜਾਂਦੇ ਹਨ। ਉਸ ਨੇ ਆਖਿਆ ਕਿ ਟੈਲੀਵਿਜ਼ਨ ਅਦਾਕਾਰ ਥੋੜ੍ਹਾ ਛੇਤੀ ਇਕ ਭੂਮਿਕਾ ਵਿੱਚ ਢਲ (ਟਾਈਪਕਾਸਟ) ਜਾਂਦੇ ਹਨ, ਕਿਉਂਕਿ ਉਹ ਰੋਜ਼ਾਨਾ ਲੜੀਵਾਰ ਵਿੱਚ ਨਜ਼ਰ ਆਉਂਦੇ ਹਨ। ਦੋ ਦਹਾਕੇ ਤੋਂ ਵੱਧ ਸਮਾਂ ਲੜੀਵਾਰਾਂ ਦਾ ਹਿੱਸਾ ਰਹੇ ਅਦਾਕਾਰ ਸੁਧਾਂਸ਼ੂ ਦਾ ਮੰਨਣਾ ਹੈ ਕਿ ਇਸ ਵਿਚੋਂ ਨਿਕਲਣ ਦਾ ਹੱਲ ਵੀ ਹੈ। ਉਸ ਨੇ ਆਖਿਆ, ”ਦਰਸ਼ਕ ਬਹੁਤੀ ਦੇਰ ਗੱਲਾਂ ਯਾਦ ਨਹੀਂ ਰੱਖਦੇ। ਇਸ ਲਈ ਤੁਹਾਨੂੰ ਕੁਝ ਵੱਖਰਾ ਕਰਨਾ ਚਾਹੀਦਾ ਹੈ ਅਤੇ ਵੱਖਰੀ ਭੂਮਿਕਾ ‘ਚ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਉਹ ਤੁਹਾਡੇ ਅਤੀਤ ਦੇ ਕਿਰਦਾਰ ਨੂੰ ਭੁੱਲ ਜਾਣਗੇ।” ‘ਏਕ ਵੀਰ ਕੀ ਅਰਦਾਸ… ਵੀਰਾ’, ‘ਤਮੰਨਾ’ ਅਤੇ ਹੋਰ ਬਹੁਤ ਸਾਰੇ ਹਿੱਟ ਲੜੀਵਾਰਾਂ ਦਾ ਹਿੱਸਾ ਰਹੇ ਸੁਧਾਂਸ਼ੂ ਦਾ ਕਹਿਣਾ ਹੈ ਕਿ ਉਹ ਅਜਿਹੀਆਂ ਕਹਾਣੀਆਂ ਨੂੰ ਤਰਜੀਹ ਦਿੰਦਾ ਜਿਨ੍ਹਾਂ ਵਿੱਚ ਉਹ ਕੇਂਦਰੀ ਧੁਰਾ ਹੋਵੇ ਜਾਂ ਉਸ ਨੂੰ ਵੱਡੀ ਭੂਮਿਕਾ ਮਿਲੇ। -ਆਈਏਐੱਨਐੱਸ

News Source link