ਕੇਪੀ ਸਿੰਘ

ਗੁਰਦਾਸਪੁਰ, 30 ਜੂਨ

ਆਬਕਾਰੀ ਮਹਿਕਮੇ ਦੀ ਟੀਮ ਨੇ ਪੁਲੀਸ ਦੀ ਸਹਾਇਤਾ ਨਾਲ ਪਿੰਡ ਚੱਗੂਵਾਲ ਵਿੱਚ ਛਾਪੇ ਦੌਰਾਨ ਘਰ ਵਿੱਚੋਂ 48 ਪੇਟੀਆਂ (580 ਬੋਤਲਾਂ) ਚੰਡੀਗੜ੍ਹ ਮਾਰਕਾ ਵਿਸਕੀ ਬਰਾਮਦ ਕੀਤੀ ਹੈ। ਬਰਾਮਦ ਕੀਤੀ ਗਈ ਵਿਸਕੀ 6 ਵੱਖ-ਵੱਖ ਬਰਾਂਡਾਂ ਦੀ ਹੈ। ਪੁਲੀਸ ਨੇ ਸੰਦੀਪ ਮਹਾਜਨ ਅਤੇ ਮਨੀ ਮਹਾਜਨ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ, ਜਦਕਿ ਉਨ੍ਹਾਂ ਦਾ ਪਿਤਾ ਅਸ਼ੋਕ ਕੁਮਾਰ, ਜੋ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਰਜਾ ਚਾਰ ਕਰਮਚਾਰੀ ਹੈ, ਫ਼ਰਾਰ ਹੈ।

ਸਦਰ ਪੁਲੀਸ ਸਟੇਸ਼ਨ ਅੰਦਰ ਇਨ੍ਹਾਂ ਤਿੰਨਾਂ ਪਿਓ ਪੁੱਤਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਸਹਾਇਕ ਕਮਿਸ਼ਨਰ (ਆਬਕਾਰੀ) ਰਾਜਵਿੰਦਰ ਕੌਰ ਬਾਜਵਾ ਨੇ ਦੱਸਿਆ ਕਿ ਅਸ਼ੋਕ ਮਹਾਜਨ ਦੇ ਘਰ ਪੁਖਤਾ ਜਾਣਕਾਰੀ ਮਗਰੋਂ ਛਾਪਾ ਮਾਰਿਆ ਗਿਆ। ਸ਼ਰਾਬ ਘਰ ਦੀ ਅਲਮਾਰੀ ਦੇ ਹੇਠਲੇ ਖ਼ਾਨੇ, ਬਾਕਸ ਬੈੱਡ, ਬੈੱਡ ਦੀ ਢੋਅ ਵਿੱਚੋਂ ਮਿਲੀਆਂ।ਸ੍ਰੀਮਤੀ ਬਾਜਵਾ ਨੇ ਦੱਸਿਆ ਕਿ ਇਸ ਘਰ ਵਾਲਿਆਂ ਦਾ ਰਹਿਣ ਸਹਿਣ ਕਾਫ਼ੀ ਠਾਠ ਬਾਠ ਵਾਲਾ ਹੈ। ਇੱਥੋਂ ਤੱਕ ਕਿ ਰਸੋਈ ਵਿੱਚ ਵੀ ਏਸੀ ਵੀ ਲੱਗਾ ਹੋਇਆ ਹੈ।

News Source link