ਨੋਇਡਾ (ਯੂਪੀ), 29 ਜੂਨ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੀ ਪੁਲੀਸ ਨੇ ਟਵਿੱਟਰ ਇੰਡੀਆ ਦੇ ਦੋ ਸੀਨੀਅਰ ਅਧਿਕਾਰੀਆਂ ਖ਼ਿਲਾਫ਼ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਭਾਰਤ ਦਾ ਵਿਗਾੜਿਆ ਨਕਸ਼ੇ ਦਿਖਾਉਣ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਬਜਰੰਗ ਦਲ ਦੇ ਅਹੁਦੇਦਾਰ ਦੀ ਸ਼ਿਕਾਇਤ ‘ਤੇ ਖੁਰਜਾ ਨਗਰ ਥਾਣੇ ‘ਚ ਐੱਫਆਈਆਰ ਦਰਜ ਕੀਤੀ ਗਈ। ਟਵਿੱਟਰ ਨੇ ਆਪਣੀ ਵੈੱਬਸਾਈਟ ‘ਤੇ ਜੰਮੂ-ਕਸ਼ਮੀਰ ਤੇ ਲੱਦਾਖ ਨੂੰ ਵੱਖਰੇ ਮੁਲਕ ਵਜੋਂ ਦਰਸਾਇਆ ਸੀ। ਇਸ ਬਾਰੇ ਵਿਵਾਦ ਤੇਜ਼ ਹੋਣ ਕਾਰਨ ਟਵਿੱਟਰ ਨੇ ਸੋਮਵਾਰ ਸ਼ਾਮ ਨੂੰ ਉਸ ਨਕਸ਼ੇ ਨੂੰ ਹਟਾ ਦਿੱਤਾ ਸੀ। ਬਜਰੰਗ ਦਲ ਦੇ ਪੱਛਮੀ ਯੂਪੀ ਦੇ ਕਨਵੀਨਰ ਪ੍ਰਵੀਨ ਭੱਟੀ ਨੇ ਸ਼ਿਕਾਇਤ ਵਿਚ ਕਿਹਾ ਕਿ ਟਵਿੱਟਰ ਦੀ ਇਸ ਹਰਕਤ ਨਾਲ ਮੇਰੇ ਸਮੇਤ ਭਾਰਤੀਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਐੱਫਆਈਆਰ ਵਿਚ ਟਵਿੱਟਰ ਇੰਡੀਆ ਦੇ ਐੱਮਡੀ ਮਨੀਸ਼ ਮਹੇਸ਼ਵਰੀ ਅਤੇ ਨਿਊਜ਼ ਪਾਰਟਨਰਸ਼ਿਪ ਦੀ ਮੁਖੀ ਅੰਮ੍ਰਿਤਾ ਤ੍ਰਿਪਾਠੀ ਦਾ ਨਾਮ ਮੁਲਜ਼ਮ ਵਜੋਂ ਦਰਜ ਕੀਤਾ ਗਿਆ ਹੈ। ਇਨ੍ਹਾਂ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 505 (2) ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 74 ਵੀ ਲਗਾਈ ਗਈ ਹੈ।

News Source link