ਸਰਬਜੀਤ ਸਿੰਘ ਭੰਗੂ
ਪਟਿਆਲਾ, 29 ਜੂਨ

ਪਹਿਲੀ ਜੁਲਾਈ ਨੂੰ ਚੰਡੀਗੜ੍ਹ ਵਿੱਚ ਪੈਨਲ ਮੀਟਿੰਗ ਮੁਕੱਰਰ ਹੋਣ ਮਗਰੋਂ ਪੀਆਰਟੀਸੀ, ਪੰਜਾਬ ਰੋਡਵੇਜ਼ ਤੇ ਪਨਬੱਸ ਦੇ ਹੜਤਾਲੀ ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਨਿਵਾਸ ਦੇ ਨੇੜੇ ਲਾਇਆ ਧਰਨਾ ਸਮਾਪਤ ਕਰ ਦਿੱਤਾ ਗਿਆ। ਪੀਆਰਟੀਸੀ ਪੰਜਾਬ ਰੋਡਵੇਜ਼ ਅਤੇ ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਰੇਸ਼ਮ ਸਿੰਘ ਦੀ ਅਗਵਾਈ ਹੇਠਾਂ ਭਾਵੇ ਇਥੇ ਹਜ਼ਾਰਾਂ ਦੀ ਗਿਣਤੀ ਵਿੱਚ ਹੜਤਾਲੀ ਮੁਲਾਜ਼ਮ ਪੁੱਜੇ ਹੋਏ ਸਨ ਪਰ ਉਹ ਜ਼ਾਬਤੇ ਵਿੱਚ ਰਹੇ ਤੇ ਇੱਥੋਂ ਕਿਸੇ ਵੀ ਤਰ੍ਹਾਂ ਦੀ ਉਨ੍ਹਾਂ ਨੇ ਕੋਈ ਹੁਲੜਬਾਜ਼ੀ ਨਹੀਂ ਕੀਤੀ।

ਉਂਜ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਦੇ ਵਧੇਰੇ ਇਕੱਠ ਨੂੰ ਭਾਂਪਦਿਆਂ ਇੱਥੇ ਐੱਸਪੀ ਸਿਟੀ ਵਰੁਣ ਸ਼ਰਮਾ ਆਈ ਪੀ ਐੱਸ ਅਤੇ ਐੱਸ ਪੀ ਟ੍ਰੈਫਿਕ ਤੇ ਸੁਰੱਖਿਆ ਪਲਵਿੰਦਰ ਸਿੰਘ ਚੀਮਾ ਦੀ ਅਗਵਾਈ ਹੇਠ ਭਾਰੀ ਪੁਲੀਸ ਫੋਰਸ ਤਾਇਨਾਤ ਸੀ ਜਿਸ ਦੌਰਾਨ ਡੀ ਐੱਸ ਪੀ ਯੋਗੇਸ਼ ਸ਼ਰਮਾ, ਸੌਰਵ ਜਿੰਦਲ, ਅਜੇਪਾਲ ਸਿੰਘ, ਜਸਵਿੰਦਰ ਸਿੰਘ ਟਿਵਾਣਾ ਸਮੇਤ ਕੁਝ ਹੋਰ ਉੱਚ ਅਧਿਕਾਰੀ ਮੌਜੂਦ ਸਨ ਜਦਕਿ ਹਰਜਿੰਦਰ ਢਿੱਲੋਂ, ਅੰਕੁਰਦੀਪ, ਹੈਰੀ ਬੋਪਾਰਾਏ, ਸੁਖਦੇਵ ਸਿੰਘ, ਗੁਰਪ੍ਰੀਤ ਸਿੰਘ ਭਿੰਡਰ ਸਮੇਤ ਕਈ ਹੋਰ ਥਾਣਾ ਮੁਖੀ ਵੀ ਆਪੋ ਆਪਣੇ ਥਾਣਿਆਂ ਦੀ ਪੁਲੀਸ ਸਮੇਤ ਇੱਥੇ ਡਾਂਗਾਂ ਸੋਟੀਆਂ ਲੈ ਕੇ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਪੁਲੀਸ ਨੇ ਹੋਰ ਵੀ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਹੋਏ ਸਨ ਭਾਵੇਂ ਕਿ ਸ਼ੁਰੂ ਵਿੱਚ ਦੋਵਾਂ ਧਿਰਾਂ ਦਰਮਿਆਨ ਟਕਰਾਅ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ ਪਰੰਤੂ ਅਜਿਹਾ ਨਹੀਂ ਹੋਇਆ। ਡੀਆਈਜੀ ਬਿਕਰਮਜੀਤ ਦੁੱਗਲ ਅਤੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਜਿੱਥੇ ਆਪਣੀ ਪੁਲੀਸ ਫੋਰਸ ਦੀ ਪ੍ਰਸੰਸਾ ਕੀਤੀ ਉੱਥੇ ਹੀ ਹੜਤਾਲੀ ਮੁਲਾਜ਼ਮਾਂ ਵਿੱਚ ਜ਼ਾਬਤੇ ਵਿੱਚ ਰਹਿਣ ‘ਤੇ ਵੀ ਤਸੱਲੀ ਦਾ ਪ੍ਰਗਟਾਵਾ ਕੀਤਾ। ਐਸੱਡੀਐੱਮ ਚਰਨਜੀਤ ਸਿੰਘ ਵੱਲੋਂ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਦੇ ਆਗੂਆਂ ਨੂੰ ਮੀਟਿੰਗ ਦੀ ਲਿਖਤੀ ਚਿੱਠੀ ਦੇਣ ਤੋਂ ਮਗਰੋਂ ਉਨ੍ਹਾਂ ਨੇ ਧਰਨਾ ਸਮਾਪਤ ਕਰ ਦਿੱਤਾ ਇਸੇ ਦੌਰਾਨ ਮੀਟਿੰਗ ਮੁਕੱਰਰ ਹੋਣ ਤੇ ਇਨ੍ਹਾਂ ਮੁਲਾਜ਼ਮਾਂ ਵੱਲੋਂ 30 ਜੂਨ ਨੂੰ ਕੀਤੀ ਜਾਣ ਵਾਲੀ ਹੜਤਾਲ ਵਾਪਸ ਲੈ ਲਈ।

ਇਸ ਤੋਂ ਪਹਿਲਾਂ ਪੱਕੇ ਹੋਣ ਲਈ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਦੇ ਠੇਕੇ ‘ਤੇ ਅਧਾਰਤ ਹਜ਼ਾਰਾਂ ਮੁਲਜ਼ਮਾਂ ਨੇ ਅੱਜ ਦੂਜੇ ਦਿਨ ਪਟਿਆਲਾ ਸਥਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਦਾ ਘਿਰਾਓ ਕਰਨ ਤੋਂ ਪਹਿਲਾਂ ਫੁਹਾਰਾ ਚੌਕ ਵਿੱਚ ਜਾਮ ਲਗਾਇਆ। ਇਸ ਤੋਂ ਬਾਅਦ ਉਹ ਮਾਰਚ ਕਰਦੇ ਹੋਏ ਵਾਈਪੀਐੱਸ ਚੌਕ ਵਿੱਚ ਪਹੁੰਚੇ ਪਰ ਪਹਿਲਾਂ ਤੋਂ ਤਾਇਨਾਤ ਭਾਰੀ ਪੁਲੀਸ ਫੋਰਸ ਨੇ ਮੁਲਾਜ਼ਮਾਂ ਦੇ ਇਸ ਕਾਫਲੇ ਨੂੰ ਮੁੱਖ ਮੰਤਰੀ ਨਿਵਾਸ ਵੱਲ ਵਧਣ ਤੋਂ ਰੋਕ ਲਿਆ। ਹੜਤਾਲੀ ਮੁਲਾਜ਼ਮ ਗਰਮੀ ਦੇ ਬਾਵਜੂਦ ਤੱਤੀ ਸੜਕ ‘ਤੇ ਹੀ ਧਰਨਾ ਮਾਰ ਕੇ ਬੈਠ ਗਏ।ਹੜਤਾਲੀ ਮੁਲਾਜ਼ਮਾਂ ਦੀ ਅਗਵਾਈ ਪੰਜਾਬ ਰੋਡਵੇਜ਼ ਪਨਬੱਸ ਕੰਟਰੈਕਟਰ ਵਰਕਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਵੱਲੋਂ ਕੀਤੀ ਗਈ।

ਉਹ ਆਪਣੀ ਇੱਕ ਨੁਕਾਤੀ ਮੰਗ ਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ ਦੀ ਪੂਰਤੀ ਲਈ ਇੱਥੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਲਈ ਆਏ ਸਨ। ਭਾਵੇਂ ਕਿ ਪੁਲੀਸ ਫੋਰਸ ਤੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਵਾਪਸ ਮੁੜਨ ਲਈ ਸਮਝਾਇਆ ਪਰ ਉਹ ਇਸ ਗੱਲ ਲਈ ਬਜ਼ਿੱਦ ਨੇ ਕਿ ਉਹ ਅੱਜ ਇੱਥੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੀਟਿੰਗ ਮੁਕੱਰਰ ਹੋਣ ਤੋਂ ਬਾਅਦ ਹੀ ਪਰਤਣਗੇ। ਇਨ੍ਹਾਂ ਮੁਲਾਜ਼ਮਾਂ ਦੇ ਸਾਹਮਣੇ ਜਿੱਥੇ ਪੁਲੀਸ ਫੋਰਸ ਹੱਥਾਂ ਵਿੱਚ ਡੰਡੇ ਲਈ ਖੜ੍ਹੀ ਉਥੇ ਹੀ ਇਨ੍ਹਾਂ ਹੜਤਾਲੀ ਮੁਲਾਜ਼ਮਾਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਵੀ ਮਾਈਕ ਤੋਂ ਬੋਲਦਿਆਂ ਆਪਣੇ ਸਾਥੀਆਂ ਨੂੰ ਝੰਡਿਆਂ ‘ਚ ਪਏ ਡੰਡੇ ਮਜ਼ਬੂਤੀ ਨਾਲ ਫੜ ਕੇ ਰੱਖਣ ਦਾ ਸੱਦਾ ਦੇ ਦਿੱਤਾ। ਉਧਰ ਇਸ ਹੜਤਾਲ ਕਾਰਨ ਆਮ ਲੋਕਾਂ ਨੂੰ ਜਿਥੇ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ ਉਥੇ ਪ੍ਰਾਈਵੇਟ ਟਰਾਂਸਪੋਟਰ ਇਸ ਹੜਤਾਲ ਦਾ ਪੂਰਾ ਲਾਹਾ ਲੈ ਰਹੇ ਹਨ।

ਮਾਨਸਾ (ਜੋਗਿੰਦਰ ਸਿੰਘ ਮਾਨ): ਸੂਬੇ ਵਿਚ ਪੀਆਰਟੀਸੀ, ਪੰਜਾਬ ਰੋਡਵੇਜ਼ ਅਤ ਪਨਬਸ ਦੇ ਠੇਕਾ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਆਪਣੀਆਂ ਮੰਗਾਂ ਮਨਾਉਣ ਲਈ ਅੱਜ ਲਗਾਤਾਰ ਦੂਸਰੇ ਦਿਨ ਹੜਤਾਲ ਆਰੰਭ ਕੀਤੀ। ਲੋਕਾਂ ਨੂੰ ਕਲ੍ਹ ਵਾਂਗ ਅੱਜ ਮੁੜ ਦੂਰ ਦਰਾਡੇ ਸਫ਼ਰ ਕਰਨ ਵਿਚ ਭਾਰੀ ਤਕਲੀਫ ਦਾ ਸਾਹਮਣਾ ਕਰਨਾ ਪਿਆ। ਭਾਵੇਂ ਇਸ ਹੜਤਾਲ ਦਾ ਲਾਹਾ ਲੈ ਕੇ ਪ੍ਰਾਈਵੇਟ ਬੱਸਾਂ ਵਾਲਿਆਂ ਨੇ ਆਪਣੀਆਂ ਬੱਸਾਂ ਨੂੰ ਕਲ੍ਹ ਤੋਂ ਹੀ ਚਲਾਉਣਾ ਆਰੰਭ ਕੀਤਾ ਹੋਇਆ ਹੈ ਪਰ ਅੰਤਰਰਾਜੀ ਰੂਟਾਂ ਉਤੇ ਲੋਕਾਂ ਨੂੰ ਬੇਹੱਦ ਪ੍ਰੇਸ਼ਾਨੀ ਹੋ ਰਹੀ ਹੈ। ਪੀਆਰਟੀਸੀ ਦੇ ਪ੍ਰਬੰਧਕਾਂ ਨੇ ਕੁੱਝ ਪੱਕੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਭਾਵੇਂ ਕੁੱਝ ਰੂਟਾਂ ਉਤੇ ਬੱਸ ਸੇਵਾ ਨੂੰ ਬਹਾਲ ਰੱਖਣ ਦਾ ਅੱਜ ਸਵੇਰੇ ਤੋਂ ਹੀ ਉਪਰਾਲਾ ਕੀਤਾ ਗਿਆ ਹੈ ਪਰ ਸਵਾਰੀਆਂ ਦੀ ਭੀੜ ਵੱਧ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਮਾਨਸਾ ਸ਼ਹਿਰ ਤੋਂ ਸਿਰਸਾ ਨੂੰ ਪੀਆਰਟੀਸੀ ਅਤੇ ਪੰਜਾਬ ਰੋਡਵੇਜ਼ ਤੋਂ ਇਲਾਵਾ ਕੋਈ ਹੋਰ ਬੱਸ ਨਹੀਂ ਜਾਂਦੀ ਹੈ, ਜਿਸ ਕਾਰਨ ਹਰਿਆਣਾ ਵਿਚ ਜਾਣ ਵਾਲੇ ਲੋਕਾਂ ਨੂੰ ਵੱਡੀ ਦਿੱਕਤ ਹੋਣ ਲੱਗੀ ਹੈ। ਮਹਿਲਾ ਸਵਾਰੀਆਂ ਨੂੰ ਸਰਕਾਰੀ ਬੱਸਾਂ ਵਿਚ ਮੁਫਤ ਸਫਰ ਦੀ ਸਹੂਲਤ ਹੋਣ ਕਰਕੇ ਉਨ੍ਹਾਂ ਨੂੰ ਇਸ ਹੜਤਾਲ ਕਾਰਨ ਲਗਾਤਾਰ ਦੂਸਰੇ ਦਿਨ ਦੂਹਰਾ ਨੁਕਸਾਨ ਹੋਣ ਲੱਗਿਆ ਹੈ।

News Source link