ਮੁੱਖ ਅੰਸ਼

  • ਸੁਰੱਖਿਆ ਦਸਤਿਆਂ ਵੱਲੋਂ ਹਮਲਾਵਰਾਂ ਦੀ ਪੈੜ ਨੱਪਣ ਲਈ ਇਲਾਕੇ ਦੀ ਘੇਰਾਬੰਦੀ
  • ਹਮਲੇ ਪਿੱਛੇ ਜੈਸ਼-ਏ-ਮੁਹੰਮਦ ਦਾ ਹੱਥ: ਆਈਜੀਪੀ

ਸ੍ਰੀਨਗਰ, 28 ਜੂਨ

ਦਹਿਸ਼ਤਗਰਦਾਂ ਨੇ ਜੰਮੂ ਤੇ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਵਿਸ਼ੇਸ਼ ਪੁਲੀਸ ਅਧਿਕਾਰੀ (ਐੱਸਪੀਓ), ਉਸ ਦੀ ਪਤਨੀ ਤੇ ਧੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਐੱਸਪੀਓ ਦੀ ਸ਼ਨਾਖ਼ਤ ਫ਼ਯਾਜ਼ ਅਹਿਮਦ ਵਜੋਂ ਦੱਸੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਦਹਿਸ਼ਤਗਰਦ ਐਤਵਾਰ ਰਾਤ ਨੂੰ 11 ਵਜੇ ਦੇ ਕਰੀਬ ਆਵੰਤੀਪੋਰਾ ਖੇਤਰ ਦੇ ਹਰੀਪਰੀਗਾਮ ਸਥਿਤ ਐੱਸਪੀਓ ਦੇ ਘਰ ਵਿੱਚ ਦਾਖ਼ਲ ਹੋਏ ਤੇ ਪਰਿਵਾਰ ‘ਤੇ ਗੋਲੀਆਂ ਚਲਾਈਆਂ। ਜ਼ਖ਼ਮੀਆਂ ਨੂੰ ਫੌਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਐੱਸਪੀਓ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਐੱਸਪੀਓ ਦੀ ਪਤਨੀ ਰਜਾ ਬੇਗ਼ਮ ਤੇ ਧੀ ਰਾਫ਼ੀਆ ਨੇ ਬਾਅਦ ਵਿੱਚ ਦਮ ਤੋੜਿਆ। ਸਲਾਮਤੀ ਦਸਤਿਆਂ ਨੇ ਖੇਤਰ ਨੂੰ ਘੇਰਾ ਪਾ ਕੇ ਹਮਲਾਵਰਾਂ ਦੀ ਪੈੜ ਨੱਪਣ ਲਈ ਤਲਾਸ਼ੀ ਮੁਹਿੰਮ ਵਿੱਢ ਦਿੱਤੀ, ਪਰ ਅਜੇ ਤੱਕ ਕਿਸੇ ਨੂੰ ਵੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਚੇਤੇ ਰਹੇ ਕਿ ਪਿਛਲੇ ਕੁਝ ਸਮੇਂ ਤੋਂ ਦਹਿਸ਼ਤਗਰਦਾਂ ਨੇ ਪੁਲੀਸ ਮੁਲਾਜ਼ਮਾਂ ਤੇ ਸੁਰੱਖਿਆ ਦਸਤਿਆਂ ‘ਤੇ ਹਮਲੇ ਤੇਜ਼ ਕਰ ਦਿੱਤੇ ਹਨ। ਪਿਛਲੇ ਹਫ਼ਤੇ ਨੌਗਾਮ ਤੇ ਈਦਗਾਹ ਖੇਤਰਾਂ ਵਿੱਚ ਇਕ ਇੰਸਪੈਕਟਰ ਤੇ ਕਾਂਸਟੇਬਲ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ ਸ਼ਹਿਰ ਦੇ ਐਨ ਵਿਚਾਲੇ ਬਾਰਬਰਸ਼ਾਹ ਵਿੱਚ ਸੁਰੱਖਿਆ ਬਲਾਂ ‘ਤੇ ਕੀਤੇ ਗ੍ਰਨੇਡ ਹਮਲੇ ਵਿੱਚ ਇਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ।

ਇਸ ਦੌਰਾਨ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਐੱਸਪੀਓ ਅਤੇ ਉਸ ਦੀ ਪਤਨੀ ਤੇ ਧੀ ਦੀ ਹੱਤਿਆ ਪਿੱਛੇ ਜੈਸ਼-ਏ-ਮੁਹੰਮਦ ਦੇ ਦੋ ਦਹਿਸ਼ਤਗਰਦਾਂ, ਜਿਨ੍ਹਾਂ ਵਿੱਚੋਂ ਇਕ ਵਿਦੇਸ਼ੀ ਹੈ, ਦਾ ਹੱਥ ਹੈ। ਕਸ਼ਮੀਰ ਦੇ ਆਈਜੀਪੀ ਵਿਜੈ ਕੁਮਾਰ ਨੇ ਦੱਸਿਆ ਕਿ ਹਮਲੇ ਦੌਰਾਨ ਐੱਸਪੀਓ ਫਯਾਜ਼ ਅਹਿਮਦ ਦੀ ਪਤਨੀ ਤੇ ਧੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਦਹਿਸ਼ਤਗਰਦਾਂ ਨੇ ਉਨ੍ਹਾਂ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, ”ਇਸ ਖੇਤਰ ਵਿੱਚ ਦਹਿਸ਼ਤਗਰਦਾਂ ਦੀ ਆਮਦੋ ਰਫ਼ਤ ਸੀ। ਦੋ ਦਹਿਸ਼ਤਗਰਦ ਲੰਘੀ ਰਾਤ ਆਏ ਸਨ ਤੇ ਇਨ੍ਹਾਂ ਵਿੱਚੋਂ ਇਕ ਵਿਦੇਸ਼ੀ ਦਹਿਸ਼ਤਗਰਦ ਸੀ। ਆਈਜੀਪੀ ਨੇ ਐੱਸਪੀਓ ਦੇ ਘਰ ਜਾ ਕੇ ਪੀੜਤ ਪਰਿਵਾਰ ਨਾਲ ਦੁਖ ਵੰਡਾਇਆ ਤੇ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦਿੱਤੀ। ਕੁਮਾਰ ਨੇ ਕਿਹਾ ਕਿ ਐੱਸਪੀਓ ਅਤੇ ਉਸ ਦੀ ਪਤਨੀ ਤੇ ਧੀ ਦੀ ਮੌਤ ਨਾਲ ‘ਵੱਡਾ ਦੁਖ ਪੁੱਜਾ ਹੈ। ਉਨ੍ਹਾਂ ਯਕੀਨ ਦਿਵਾਇਆ ਕਿ ਹਮਲੇ ਵਿੱਚ ਸ਼ਾਮਲ ਦਹਿਸ਼ਤਗਰਦਾਂ ਦੀ ਜਲਦੀ ਹੀ ਪੈੜ ਨੱਪ ਲਈ ਜਾਵੇਗੀ। -ਪੀਟੀਆਈ

ਐੱਸਪੀਓ ਤੇ ਪਰਿਵਾਰ ‘ਤੇ ਹਮਲਾ ‘ਬੁਜਦਿਲਾਨਾ’ ਕਾਰਵਾਈ ਕਰਾਰ

ਸ੍ਰੀਨਗਰ: ਜੰਮੂ ਤੇ ਕਸ਼ਮੀਰ ਦੀਆਂ ਪ੍ਰਮੁੱਖ ਸਿਆਸੀ ਪਾਰਟੀਆਂ ਨੇ ਐੱਸਪੀਓ, ਉਸ ਦੀ ਪਤਨੀ ਤੇ ਧੀ ਦੀਆਂ ਹੱਤਿਆਵਾਂ ਦੀ ਨਿਖੇਧੀ ਕਰਦਿਆਂ ਇਸ ਨੂੰ ‘ਬੁਜ਼ਦਿਲਾਨਾ’ ਕਾਰਵਾਈ ਦੇ ਨਾਲ ‘ਅਤਿਵਾਦ ਦਾ ਇਕ ਰੂਪ’ ਕਰਾਰ ਦਿੱਤਾ ਹੈ। ਨੈਸ਼ਨਲ ਕਾਨਫਰੰਸ ਦੇ ਉਪ ਪ੍ਰਧਾਨ ਉਮਰ ਅਬਦੁੱਲਾ ਨੇ ਇਕ ਟਵੀਟ ‘ਚ ਕਿਹਾ, ‘ਮੈਂ ਬੇਝਿਜਕ ਹੋ ਕੇ ਇਸ ਬੁਜ਼ਦਿਲਾਨਾ ਤੇ ਕਾਇਰਾਨਾ ਅਤਿਵਾਦੀ ਹਮਲੇ ਦੀ ਨਿਖੇਧੀ ਕਰਦਾ ਹਾਂ। ਮੈਂ ਦੁਆ ਕਰਦਾ ਹਾਂ ਕਿ ਉਨ੍ਹਾਂ ਨੂੰ ਜੰਨਤ ਵਿੱਚ ਥਾਂ ਮਿਲੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।” ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਇਸ ਬੁਜ਼ਦਿਲਾਨਾ ਹਮਲੇ ਦੀ ਨਿਖੇਧੀ ਕਰਨ ਲਈ ਉਨ੍ਹਾਂ ਕੋਲ ਸ਼ਬਦ ਨਹੀਂ ਹਨ। ਪੀਪਲਜ਼ ਕਾਨਫਰੰਸ ਦੇ ਚੇਅਰਮੈਨ ਸੱਜਾਦ ਲੋਨ ਨੇ ਵੀ ਹਮਲੇ ਦੇ ਸਾਜ਼ਿਸ਼ਘਾੜਿਆਂ ਨੂੰ ‘ਹਿੰਸਾ ਦੇ ਠੱਗ’ ਆਖਿਆ ਹੈ। -ਪੀਟੀਆਈ

ਸੁਰੱਖਿਆ ਬਲਾਂ ਵੱਲੋਂ ਲਸ਼ਕਰ ਦਾ ਸਿਖਰਲਾ ਕਮਾਂਡਰ ਗ੍ਰਿਫ਼ਤਾਰ

ਸ੍ਰੀਨਗਰ: ਸੁਰੱਖਿਆ ਬਲ ਨੇ ਲਸ਼ਕਰ-ਏ-ਤੋਇਬਾ ਦੇ ਕਮਾਂਡਰ ਨਦੀਮ ਅਬਰਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਅਬਰਾਰ ਕਸ਼ਮੀਰ ਵਿੱਚ ਸਲਾਮਤੀ ਦਸਤਿਆਂ ਤੇ ਆਮ ਨਾਗਰਿਕਾਂ ‘ਤੇ ਹੋਏ ਹਮਲਿਆਂ ਵਿੱਚ ਸ਼ਾਮਲ ਸੀ ਤੇ ਉਹਦੀ ਗ੍ਰਿਫ਼ਤਾਰੀ ਨੂੰ ਵੱਡੀ ਸਫ਼ਲਤਾ ਮੰਨਿਆ ਜਾ ਰਿਹਾ ਹੈ। ਕਸ਼ਮੀਰ ਜ਼ੋਨ ਦੇ ਆਈਜੀਪੀ ਵਿਜੈ ਕੁਮਾਰ ਨੇ ਇਕ ਟਵੀਟ ‘ਚ ਕਿਹਾ, ‘ਲਸ਼ਕਰ-ਏ-ਤੋਇਬਾ ਦਾ ਸਿਖਰਲਾ ਕਮਾਂਡਰ ਨਦੀਮ ਅਬਰਾਰ ਗ੍ਰਿਫ਼ਤਾਰ। ਉਹ ਕਈ ਹੱਤਿਆਵਾਂ ਵਿੱਚ ਸ਼ਾਮਲ ਸੀ। ਸਾਡੇ ਲਈ ਇਹ ਵੱਡੀ ਸਫ਼ਲਤਾ ਹੈ।” ਕੁਮਾਰ ਨੇ ਗ੍ਰਿਫ਼ਤਾਰੀ ਸਬੰਧੀ ਭਾਵੇਂ ਕੋਈ ਤਫ਼ਸੀਲ ਨਹੀਂ ਦਿੱਤੀ, ਪਰ ਸੂਤਰਾਂ ਮੁਤਾਬਕ ਸੁਰੱਖਿਆ ਬਲਾਂ ਨੇ ਅਬਰਾਰ ਤੇ ਇਕ ਹੋਰ ਮਸ਼ਕੂਕ ਨੂੰ ਸ਼ਹਿਰ ਦੇ ਬਾਹਰਵਾਰ ਪਾਰਿਮਪੋਰਾ ਚੈੱਕ ਨਾਕੇ ਤੋਂ ਗ੍ਰਿਫ਼ਤਾਰ ਕੀਤਾ ਹੈ। ਸੁਰੱਖਿਆ ਬਲਾਂ ਨੇ ਉਸ ਕੋਲੋਂ ਇਕ ਪਿਸਤੌਲ ਤੇ ਗ੍ਰਨੇਡ ਵੀ ਬਰਾਮਦ ਕੀਤਾ ਹੈ। ਪੁਲੀਸ ਮੁਤਾਬਕ ਅਬਰਾਰ ਇਸ ਸਾਲ ਲਾਵੇਪੋਰਾ ਵਿੱਚ ਸੀਆਰਪੀਐੱਫ ਦੇ ਤਿੰਨ ਜਵਾਨਾਂ ਦੀ ਹੱਤਿਆ ਵਿੱਚ ਵੀ ਸ਼ਾਮਲ ਸੀ। -ਪੀਟੀਆਈ

News Source link