ਸ਼ਿਕਾਗੋ, 28 ਜੂਨ

ਸ਼ਿਕਾਗੋ ਵਿਚ ਐਤਵਾਰ ਰਾਤ ਗੋਲੀਬਾਰੀ ਦੀਆਂ ਦੋ ਵੱਖ-ਵੱਖ ਘਟਨਾਵਾਂ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ 13 ਫੱਟੜ ਹੋ ਗਏ। ਪੁਲੀਸ ਨੇ ਦੱਸਿਆ ਕਿ ਦੱਖਣੀ ਸ਼ੋਰ ਇਲਾਕੇ ਵਿਚ ਇਕ ਮਹਿਲਾ ਦੀ ਮੌਤ ਹੋ ਗਈ, ਚਾਰ ਪੁਰਸ਼ ਤੇ ਇਕ ਲੜਕਾ ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟ ਮੁਤਾਬਕ ਰਾਤ ਕਰੀਬ 9 ਵਜੇ ਇਕ ਐੱਸਯੂਵੀ ਵਿਚੋਂ ਗੋਲੀਆਂ ਦਾਗੀਆਂ ਗਈਆਂ। ਜਦ ਗੋਲੀਬਾਰੀ ਦੀ ਘਟਨਾ ਵਾਪਰੀ ਤਾਂ ਕਰੀਬ ਛੇ ਜਣਿਆਂ ਦਾ ਇਕ ਗਰੁੱਪ ਬਾਹਰ ਖੜ੍ਹਾ ਸੀ। ਔਰਤ ਦੇ ਛੇ ਗੋਲੀਆਂ ਮਾਰੀਆਂ ਗਈਆਂ। ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਚਾਰ ਪੁਰਸ਼ਾਂ ਤੇ ਇਕ 15 ਸਾਲਾ ਲੜਕੇ ਦੀ ਹਾਲਤ ਸਥਿਰ ਹੈ। ਉਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਦੋ ਘੰਟੇ ਬਾਅਦ ਹੀ ਮਾਰਕੁਐੱਟ ਪਾਰਕ ਇਲਾਕੇ ਵਿਚ ਵਾਪਰੀ ਗੋਲੀਬਾਰੀ ਦੀ ਵੱਖਰੀ ਘਟਨਾ ਵਿਚ 8 ਜਣੇ ਫੱਟੜ ਹੋ ਗਏ। -ਏਪੀ

News Source link