ਮੇਜਰ ਸਿੰਘ ਮੱਟਰਾਂ

ਭਵਾਨੀਗੜ੍ਹ, 25 ਜੂਨ

ਪਾਵਰਕਾਮ ਨਦਾਮਪੁਰ ਵਿਖੇ ਤਾਇਨਾਤ ਸਹਾਇਕ ਲਾਇਨਮੈਨ ਪਰਵਿੰਦਰ ਸਿੰਘ (27) ਦੀ ਡਿਊਟੀ ਦੌਰਾਨ ਕਰੰਟ ਲੱਗਣ ਨਾਲ ਮੌਤ ਹੋ ਗਈ। ਹਰਸ਼ਜੋਤ ਸਿੰਘ ਐੱਸਡੀਓ ਪਾਵਰਕਾਮ ਨਦਾਮਪੁਰ ਨੇ ਦੱਸਿਆ ਕਿ ਸਹਾਇਕ ਲਾਇਨਮੈਨ ਪਰਵਿੰਦਰ ਸਿੰਘ ਅੱਜ ਸਵੇਰੇ ਨਕਟੇ ਪਿੰਡ ਦੇ ਫੀਡਰ ‘ਤੇ ਜੇਈ ਦੀ ਨਿਗਰਾਨੀ ਕੀਤੀ ਖੇਤੀ ਮੋਟਰਾਂ ਵਾਲੀ ਲਾਈਨ ਠੀਕ ਕਰ ਰਿਹਾ ਸੀ ਕਿ ਅਚਾਨਕ ਲਾਈਨ ਵਿੱਚ ਬਿਜਲੀ ਆ ਗਈ। ਇਸ ਕਾਰਨ ਪਰਵਿੰਦਰ ਸਿੰਘ ਦੀ ਮੌਤ ਹੋ ਗਈ। ਇਥੇ ਸਰਕਾਰੀ ਸਿਵਲ ਹਸਪਤਾਲ ਵਿਖੇ ਪਹੁੰਚੇ ਮੁਨੀਸ਼ ਜਿੰਦਲ ਐਕਸੀਅਨ ਪਾਵਰਕਾਮ ਦਿੜਬਾ ਨੇ ਕਿਹਾ ਕਿ ਇਸ ਘਟਨਾ ਦੀ ਪੜਤਾਲ ਕਰਕੇ ਦੋਸ਼ੀ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਮਹਿਕਮੇ ਦੇ ਰੂਲਜ ਅਨੁਸਾਰ ਮੁਆਵਜ਼ਾ ਦਿੱਤਾ ਜਾਵੇਗਾ। ਸਿਵਲ ਹਸਪਤਾਲ ਭਵਾਨੀਗੜ੍ਹ ਵਿਖੇ ਹਾਜ਼ਰ ਪਿੰਡ ਖੇੜੀ ਗਿੱਲਾਂ ਦੇ ਸਰਪੰਚ ਤਰਸੇਮ ਸਿੰਘ ਅਤੇ ਮ੍ਰਿਤਕ ਪਰਵਿੰਦਰ ਸਿੰਘ ਦੇ ਪਿਤਾ ਸੁਖਦੇਵ ਸਿੰਘ ਨੇ ਦੋਸ਼ ਲਗਾਇਆ ਕਿ ਜੇਈ ਮਹਿਕਮੇ ਤੋਂ ਪਰਮਿਟ ਲੈਣ ਤੋਂ ਬਿਨਾਂ ਹੀ ਕੰਮ ਕਰਵਾ ਰਿਹਾ ਸੀ, ਜਿਸ ਦੌਰਾਨ ਹਾਦਸੇ ਵਿੱਚ ਉਨ੍ਹਾਂ ਦੇ ਨੌਜਵਾਨ ਲੜਕੇ ਦੀ ਮੌਤ ਹੋ ਗਈ। ਉਨ੍ਹਾਂ ਜੇਈ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ। ਭਵਾਨੀਗੜ੍ਹ ਪੁਲੀਸ ਨੇ ਦੇਹ ਨੂੰ ਪੋਸਟ ਮਾਰਟਮ ਕਰਾਉਣ ਲਈ ਭੇਜ ਦਿੱਤਾ।

News Source link