ਨੈਰੋਬੀ, 24 ਜੂਨ

ਕੀਨੀਆ ਵਿਚ ਹੈਲੀਕਾਪਟਰ ਹਾਦਸੇ ਵਿਚ 17 ਸੈਨਿਕਾਂ ਦੀ ਮੌਤ ਹੋ ਗਈ। ਇਹ ਸੈਨਿਕ ਇਕ ਸਿਖਲਾਈ ਅਭਿਆਸ ਲਈ ਹੈਲੀਕਾਪਟਰ ਵਿਚ ਸਫ਼ਰ ਕਰ ਰਹੇ ਸਨ। ਇਸ ਦੌਰਾਨ ਰਾਜਧਾਨੀ ਨੈਰੋਬੀ ਦੇ ਬਾਹਰਵਾਰ ਇਹ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਕ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਕਾਜੀਆਡੋ ਕਾਊਂਟੀ ਵਿਚ ਓਲੇ-ਤੈਪੇਸੀ ‘ਚ ਘਟਨਾ ਸਥਾਨ ਤੋਂ ਗੰਭੀਰ ਜ਼ਖ਼ਮੀ ਹਾਲਤ ਵਿਚ ਛੇ ਜਣਿਆਂ ਨੂੰ ਬਾਹਰ ਕੱਢ ਲਿਆ ਗਿਆ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦਿੱਤੀ ਕਿਉਂਕਿ ਉਹ ਮੀਡੀਆ ਨਾਲ ਗੱਲਬਾਤ ਕਰਨ ਲਈ ਅਧਿਕਾਰਤ ਨਹੀਂ ਸੀ। ਕੀਨੀਆ ਦੀ ਫ਼ੌਜ ਨੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੀ ਪੁਸ਼ਟੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਵੀਰਵਾਰ ਸਵੇਰੇ ਜਦੋਂ ਹੈਲੀਕਾਪਟਰ ਹਾਦਸਾਗ੍ਰਸਤ ਹੋਇਆ ਉਸ ਵੇਲੇ ਇਸ ‘ਚ 23 ਸੈਨਿਕ ਸਵਾਰ ਸਨ। -ਏਪੀ

ਫਿਲਪੀਨੀ ਹਵਾਈ ਸੈਨਾ ਦਾ ਹੈਲੀਕਾਪਟਰ ਹਾਦਸਾਗ੍ਰਸਤ, 6 ਮੌਤਾਂ

ਮਨੀਲਾ: ਇੱਥੇ ਉੱਤਰੀ ਮਨੀਲਾ ਵਿਚ ਲੰਘੀ ਰਾਤ ਫਿਲਪੀਨਜ਼ ਹਵਾਈ ਸੈਨਾ ਦਾ ਇਕ ਹੈਲੀਕਾਪਟਰ ਰਾਤ ਦੇ ਸਿਖਲਾਈ ਅਭਿਆਸ ਦੌਰਾਨ ਹਾਦਸਾਗ੍ਰਸਤ ਹੋ ਗਿਆ। ਹੈਲੀਕਾਪਟਰ ‘ਚ ਸਵਾਰ ਹਵਾਈ ਸੈਨਾ ਦੇ ਸਾਰੇ ਛੇ ਮੁਲਾਜ਼ਮਾਂ ਦੀ ਮੌਤ ਹੋ ਗਈ। ਰੱਖਿਆ ਸਕੱਤਰ ਡੈਲਫਿਨ ਲੋਰੈਂਜ਼ਾਨਾ ਨੇ ਕਿਹਾ ਕਿ ਲੰਘੀ ਰਾਤ ਕਲਾਰਕ ਹਵਾਈ ਅੱਡੇ ਨੇੜੇ ਤਿੰਨ ਪਾਇਲਟਾਂ ਅਤੇ ਚਾਲਕ ਦਲ ਦੇ ਤਿੰਨ ਹੋਰ ਮੈਂਬਰਾਂ ਨੂੰ ਲੈ ਕੇ ਜਾ ਰਿਹਾ ਐੱਸ-70ਆਈ ਬਲੈਕਹਾਅਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। -ਏਪੀ

News Source link