ਬਰਲਿਨ: ਜਰਮਨੀ ਦੀ ਚਾਂਸਲਰ ਐਂਜਲਾ ਮਰਕਲ ਨੇ ਅੱਜ ਕਿਹਾ ਕਿ ਕਰੋਨਾ ਲਾਗ ਨੂੰ ਘੱਟ ਕਰਨ ‘ਚ ਹੁਣ ਤੱਕ ਹੋਈ ਪ੍ਰਗਤੀ ਨੂੰ ਵਾਇਰਸ ਦੀ ਨਵੀਂ ਡੈਲਟਾ ਕਿਸਮ ਨਾਲ ਝਟਕਾ ਲੱਗਾ ਹੈ ਅਤੇ ਕੋਵਿਡ-19 ਖ਼ਿਲਾਫ਼ ਲੜਾਈ ‘ਚ ਯੂਰੋਪ ‘ਚ ਅਜੇ ਵੀ ਖਤਰਾ ਬਣਿਆ ਹੋਇਆ ਹੈ। ਮਰਕਲ ਨੇ ਕਿਹਾ ਕਿ ਬ੍ਰਸਲਜ਼ ‘ਚ ਯੂਰੋਪੀ ਸੰਘ ਦੇ ਆਗੂਆਂ ਵਿਚਾਲੇ ਵਾਰਤਾ ਦਾ ਮੁੱਖ ਵਿਸ਼ਾ ਮਹਾਮਾਰੀ ਹੋਵੇਗਾ। ਉਨ੍ਹਾਂ ਕਿਹਾ ਕਿ 27 ਮੁਲਕਾਂ ਦੀ ਯੂਨੀਅਨ ‘ਚ ਕੋਵਿਡ-19 ਦੇ ਮਾਮਲੇ ਲਗਾਤਾਰ ਘਟ ਰਹੇ ਹਨ ਜਦਕਿ ਟੀਕਾਕਰਨ ਦੀ ਦਰ ਵਧ ਰਹੀ ਹੈ। ਉਨ੍ਹਾਂ ਕਿਹਾ ਕਿ ਮਹਾਮਾਰੀ ਖਤਮ ਨਹੀਂ ਹੋਈ ਹੈ ਅਤੇ ਖਾਸ ਕਰਕੇ ਦੁਨੀਆਂ ਦੇ ਗਰੀਬ ਮੁਲਕਾਂ ਵਿੱਚ ਇਸ ਦਾ ਅਸਰ ਵੱਧ ਹੈ। ਜਰਮਨੀ ਤੇ ਯੂਰੋਪ ‘ਚ ਵੀ ਅਜੇ ਖਤਰਾ ਹੈ।’ ਯੂਰੋਪੀ ਯੂਨੀਅਨ ਦੇ ਅਧਿਕਾਰੀਆਂ ਨੇ ਬੀਤੇ ਦਿਨ ਅਨੁਮਾਨ ਜ਼ਾਹਿਰ ਕੀਤਾ ਸੀ ਕਿ ਅਗਸਤ ਦੇ ਅਖੀਰ ਤੱਕ ਯੂਰੋਪੀ ਯੂਨੀਅਨ ‘ਚ ਕਰੋਨਾ ਦੇ ਕੇਸਾਂ ‘ਚ 90 ਫੀਸਦ ਦਾ ਕਾਰਨ ਡੈਲਟਾ ਕਿਸਮ ਹੋਵੇਗੀ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦਾ ਟੀਕਾਕਰਨ ਕੀਤੇ ਜਾਣ ਦੀ ਲੋੜ ਹੈ। -ਏਪੀ

News Source link