ਟ੍ਰਿਬਿਊਨ ਨਿਊਜ਼ ਸਰਵਿਸ

ਚੰਡੀਗੜ੍ਹ, 24 ਜੂਨ

ਕਾਦੀਆਂ ਹਲਕੇ ਤੋਂ ਕਾਂਗਰਸੀ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਨੇ ਸਿਆਸੀ ਦਬਾਅ ਬਣਨ ਮਗਰੋਂ ਆਖਰ ਅੱਜ ਆਪਣੇ ਪੁੱਤਰ ਨੂੰ ਮਿਲੀ ਸਰਕਾਰੀ ਨੌਕਰੀ ਛੱਡਣ ਦਾ ਐਲਾਨ ਕੀਤਾ ਹੈ। ਬਾਜਵਾ ਪਰਿਵਾਰ ਨੇ ਨੌਕਰੀ ਛੱਡਣ ਨੂੰ ਪੰਜਾਬ ਦੀ ਸਿਆਸਤ ਵਿਚ ‘ਤਿਆਗ’ ਦੀ ਇੱਕ ਨਿਵੇਕਲੀ ਪਿਰਤ ਦਾ ਨਾਮ ਦਿੱਤਾ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੇ ਪੁੱਤ ਦੀ ਨੌਕਰੀ ਛੱਡ ਕੇ ਨਵੀਂ ਪਿਰਤ ਪਾਈ ਹੈ, ਜਿਸ ਕਰ ਕੇ ਹੁਣ ਬਾਕੀ ਸਿਆਸੀ ਆਗੂ ਵੀ ਇਸ ਲੀਹ ‘ਤੇ ਚੱਲਣ। ਬਾਜਵਾ ਨੇ ਅੱਜ ਪ੍ਰੈੱਸ ਕਾਨਫਰੰਸ ਕਰਕੇ ਖਾਸ ਤੌਰ ‘ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਵਜ਼ੀਰ ਸੁਖਬਿੰਦਰ ਸਿੰਘ ਸਰਕਾਰੀਆ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਨਿਸ਼ਾਨੇ ‘ਤੇ ਲੈਂਦਿਆਂ ਕਿਹਾ ਕਿ ਹੁਣ ਇਹ ਆਗੂ ਵੀ ਆਪਣੇ ਸਕੇ-ਸਬੰਧੀਆਂ ਨੂੰ ਅਹੁਦਿਆਂ ਤੋਂ ਲਾਂਭੇ ਕਰਾ ਕੇ ਬਾਜਵਾ ਪਰਿਵਾਰ ਵੱਲੋਂ ਅੱਜ ਪਾਈ ਪਿਰਤ ‘ਤੇ ਪਹਿਰਾ ਦੇਣ। ਚੇਤੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵਿਧਾਇਕ ਬਾਜਵਾ ਦੇ ਪੁੱਤਰ ਨੂੰ ਨੌਕਰੀ ਦੇਣ ਮਗਰੋਂ ਕਿਹਾ ਸੀ ਕਿ ਉਨ੍ਹਾਂ ਨੇ ਬਾਜਵਾ ਪਰਿਵਾਰ ਦੀ ਕੁਰਬਾਨੀ ਦਾ ਮੁੱਲ ਪਾਇਆ ਹੈ।

News Source link