ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 24 ਜੂਨ

ਸੰਯੁਕਤ ਕਿਸਾਨ ਮੋਰਚੇ ਵੱਲੋਂ ਕੀਤੇ ਐਲਾਨ ਅਨੁਸਾਰ ਅੱਜ ਟਿਕਰੀ ਤੇ ਸਿੰਘੂ ਬਾਰਡਰ ਮੋਰਚਿਆਂ ਉਤੇ ਭਗਤ ਕਬੀਰ ਜੈਅੰਤੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਗਈ। ਜਮਹੂਰੀ ਕਿਸਾਨ ਸਭਾ ਦੇ ਆਗੂ ਅਮਰੀਕ ਸਿੰਘ ਫਫੜੇ ਭਾਈ ਕੇ ਪ੍ਰਧਾਨਗੀ ਹੇਠ ਟਿਕਰੀ ਬਾਰਡਰ ‘ਤੇ ਕਿਸਾਨ ਆਗੂ ਸੁਖਦਰਸ਼ਨ ਨੱਤ ਨੇ ਭਗਤ ਕਬੀਰ ਬਾਰੇ ਵਿਸਥਾਰ ਵਿੱਚ ਬੋਲਦਿਆਂ ਉਨ੍ਹਾਂ ਨੂੰ ਮਹਾਨ ਇਨਕਲਾਬੀ ਵਿਚਾਰਵਾਨ ਤੇ ਯੋਧਾ ਕਰਾਰ ਦਿੱਤਾ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਵਿਖਾਵੇ, ਪਾਖੰਡ ਤੇ ਜਾਤੀ ਵਾਲੀ ਸੋਚ ਦੀ ਆਪਣੀ ਬਾਣੀ ਰਾਹੀਂ ਤਿੱਖੀ ਆਲੋਚਨਾ ਕੀਤੀ। ਹਰਿਆਣਾ ਦੇ ਬਜ਼ੁਰਗ ਆਗੂ ਚੌਧਰੀ ਜੀਆ ਲਾਲ ਨੇ ਕਬੀਰ ਨੂੰ ਸ਼ਰਦਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਪ੍ਰਧਾਨ ਹਰਪ੍ਰੀਤ ਝਬੇਲਵਾਲੀ ਨੇ ਐਲਾਨ ਕੀਤਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 26 ਜੂਨ ਨੂੰ ਖੇਤੀ ਬਚਾਉ ਲੋਕਤੰਤਰ ਬਚਾਉ ਤਹਿਤ ਪੰਜਾਬ ਤੇ ਹਰਿਆਣਾ ਦੇ ਰਾਜ ਭਵਨਾਂ ਤੱਕ ਕੀਤੇ ਜਾਣ ਵਾਲੇ ਰੋਸ ਮਾਰਚ ਦੀਆਂ ਤਿਆਰੀਆਂ ਮੁਕੰਮਲ ਹਨ।

ਪੰਜਾਬ ਦੇ ਹਜ਼ਾਰਾਂ ਕਿਸਾਨ ਗਵਰਨਰ ਨੂੰ ਰੋਸ ਪੱਤਰ ਦੇਣ ਲਈ ਵੱਡੀ ਗਿਣਤੀ ਵਿਚ ਵਹੀਰਾਂ ਘੱਤ ਕੇ ਪਹੁੰਚ ਰਹੇ ਹਨ। ਟਿਕਰੀ ਬਾਰਡਰ ‘ਤੇ 26 ਜੂਨ ਨੂੰ ਪੱਤਰਕਾਰ ਹਮੀਰ ਸਿੰਘ ਸੰਬੋਧਨ ਕਰਨਗੇ। ਇਸ ਦੌਰਾਨ ਅਮਰੀਕ ਸਿੰਘ ਫਫੜੇ ਭਾਈ ਕੇ, ਜਸਬੀਰ ਕੌਰ ਨੱਤ, ਮਲੂਕ ਸਿੰਘ ਹੀਰਕੇ, ਬਲਦੇਵ ਭਾਈਰੂਪਾ, ਲਖਵਿੰਦਰ ਪੀਰ ਮੁਹੰਮਦ, ਪਰਸ਼ੋਤਮ ਗਿੱਲ, ਸੰਪੂਰਨ ਚੂੰਘਾਂ, ਚੌਧਰੀ ਬਾਰੂ ਰਾਮ,ਸੁਖਚੈਨ ਸਿੰਘ ਰੱਤਾ ਖੇੜਾ, ਚੌਧਰੀ ਜੀਆ ਲਾਲ ਹਾਜ਼ਰ ਸਨ।

News Source link