ਰੀਓ ਡੀ ਜਨੇਰੀਓ, 20 ਜੂਨ

ਬ੍ਰਾਜ਼ੀਲ ‘ਚ ਕਰੋਨਾਵਾਇਰਸ ਕਾਰਨ ਮਿ੍ਰਤਕਾਂ ਦੀ ਗਿਣਤੀ ਪੰਜ ਲੱਖ ਤੋਂ ਵੱਧ ਹੋਣ ਤੋਂ ਬਾਅਦ ਸ਼ਹਿਰ ‘ਚ ਕਈ ਥਾਵਾਂ ‘ਤੇ ਸਰਕਾਰ ਵਿਰੋਧੀ ਰੋਸ ਮੁਜ਼ਾਹਰੇ ਹੋਏ। ਆਲੋਚਕਾਂ ਦਾ ਕਹਿਣਾ ਹੈ ਕਿ ਰਾਸ਼ਟਰਪਤੀ ਜੇਰ ਬੋਲਸੋਨਾਰੋ ਨੇ ਮਹਾਮਾਰੀ ਨਾਲ ਸਹੀ ਢੰਗ ਨਾਲ ਨਜਿੱਠ ਨਹੀਂ ਸਕੇ ਜਿਸ ਕਾਰਨ ਦੇਸ਼ ‘ਚ ਸਿਹਤ ਸਬੰਧੀ ਅਜਿਹਾ ਸੰਕਟ ਬਣਿਆ ਹੈ।

ਹਜ਼ਾਰਾਂ ਲੋਕ ਝੰਡੇ ਲੈ ਕੇ ਰੀਓ ਡੀ ਜਨੇਰੀਓ ‘ਚ ਇਕੱਠੇ ਹੋਏ ਜਿਨ੍ਹਾਂ ‘ਤੇ ਲਿਖਿਆ ਹੋਇਆ ਸੀ, ‘ਗੈਟ ਆਊਟ ਬੋਲਸੋਨਾਰੋ, ਭੁੱਖਮਰੀ ਤੇ ਬੇਰੁਜ਼ਗਾਰੀ ਦੀ ਸਰਕਾਰ।’ ਰੋਸ ਮੁਜ਼ਾਹਰੇ ‘ਚ ਸ਼ਾਮਲ 20 ਸਾਲਾ ਵਿਦਿਆਰਥਣ ਗੋਲਜ਼ੋਰ ਨੇ ਕਿਹਾ, ‘ਬ੍ਰਾਜ਼ੀਲ ਨੂੰ ਵੱਡਾ ਝਟਕਾ ਲੱਗ ਰਿਹਾ ਹੈ। ਇਹ ਦੇਸ਼ ਦੁਨੀਆ ਭਰ ‘ਚ ਟੀਕਾਕਰਨ ਲਈ ਇੱਕ ਮਿਸਾਲ ਸੀ। ਸਾਡੀਆਂ ਸੰਸਥਾਵਾਂ ਦਾ ਬਹੁਤ ਨਾਂ ਹੈ ਪਰ ਅਸੀਂ ਬਹੁਤ ਹੀ ਦੁੱਖ ਭਰੀ ਸਥਿਤੀ ‘ਚ ਹਾਂ।’ ਹਾਲਾਤ ਲਈ ਰਾਸ਼ਟਰਪਤੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਰ ਪੋਸਟਰਾਂ ‘ਤੇ ਲਿਖਿਆ ਸੀ, ‘ਪੰਜ ਲੱਖ ਲੋਕਾਂ ਦੀ ਮੌਤ, ਇਹ ਉਸ ਦੀ ਗਲਤੀ ਹੈ।’ ਇਸੇ ਤਰ੍ਹਾਂ ਬ੍ਰਾਜ਼ੀਲ ਦੇ ਕਈ ਰਾਜਾਂ ‘ਚ ਰੋਸ ਮੁਜ਼ਾਹਰੇ ਹੋਏ। ਰੀਓ ‘ਚ ਪ੍ਰਦਰਸ਼ਨਕਾਰੀਆਂ ਨੇ ‘ਗੈੱਟ ਆਊਟ ਬੋਲਸੋਨਾਰੋ, ਕਤਲੇਆਮ ਕਰਨ ਵਾਲਾ’ ਦੇ ਨਾਅਰੇ ਮਾਰੇ। ਇਨ੍ਹਾਂ ‘ਚੋਂ ਕੁਝ ਨੇ ਸਾਬਕਾ ਰਾਸ਼ਟਰਪਤੀ ਲੂਈ ਇਨਾਸਿਓ ਲੁਲਾ ਡੀਸਿਲਵਾ ਦੀ ਤਸਵੀਰ ਵਾਲੀ ਟੀ-ਸ਼ਰਟ ਪਹਿਨ ਰੱਖੀ ਸੀ। -ਏਪੀ

News Source link