ਨਵੀਂ ਦਿੱਲੀ, 21 ਜੂਨ

ਪ੍ਰਧਾਨ ਮੰਤਰੀ ਦੇ ਜੰਮੂ ਕਸ਼ਮੀਰ ਬਾਰੇ ਮੀਟਿੰਗ ਤੋਂ ਪਹਿਲਾਂ ਦਿੱਲੀ ਵਿੱਚ ਮੰਗਲਵਾਰ ਨੂੰ ਵਿਰੋਧੀ ਧਿਰ ਦੇ ਆਗੂਆਂ ਦੀ ਮੀਟਿੰਗ ਸੱਦੀ ਗਈ ਹੈ। ਇਹ ਮੀਟਿੰਗ ਸ਼ਾਮ 4 ਵਜੇ ਸ਼ਰਦ ਪਵਾਰ ਦੀ ਰਿਹਾਇਸ਼ ‘ਤੇ ਹੋਵੇਗੀ। ਇਸ ਮੀਟਿੰਗ ਤੋਂ ਪਹਿਲਾਂ ਸ਼ਰਦ ਪਵਾਰ ਨੇ ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨਾਲ ਅੱਜ ਮੁਲਾਕਾਤ ਕੀਤੀ। ਵਿਰੋਧੀ ਧਿਰ ਦੀ ਮੀਟਿੰਗ ਦੇ ੲੇਜੰਡੇ ਬਾਰੇ ਸਪਸ਼ਟ ਨਹੀਂ ਹੈ। ਭਾਜਪਾ ਦੇ ਟਾਕਰੇ ਲਈ ਤੀਜੇ ਮੋਰਚੇ ਦੇ ਗਠਨ ਦੀ ਸੰਭਾਵਨਾ ਦੀਆਂ ਕਿਆਸਅਰਾਈਆਂ ਵਿਚਾਲੇ ਇਸ ਮਹੀਨੇ ਵਿੱਚ ਇਨ੍ਹਾਂ ਦੋਵਾਂ ਦੀ ਇਹ ਦੂਜੀ ਮੁਲਾਕਾਤ ਹੈ। ਸੂਤਰਾਂ ਨੇ ਦੱਸਿਆ ਕਿ ਕਿਸ਼ੋਰ ਅਤੇ ਪਵਾਰ ਵਿਚਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਮੁੱਖ ਦੇ ਆਵਾਸ ‘ਤੇ ਬੰਦ ਕਮਰਾ ਮੀਟਿੰਗ ਹੋਈ, ਜੋ ਡੇਢ ਘੰਟੇ ਤਕ ਚੱਲੀ। ਇਹ ਮੀਟਿੰਗ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਆਮ ਇਜਲਾਸ ਤੋਂ ਇਕ ਦਿਨ ਪਹਿਲਾਂ ਹੋਈ ਹੈ। ਕਿਸ਼ੋਰ 11 ਜੁੂਨ ਨੂੰ ਵੀ ਪਵਾਰ ਨੂੰ ਮਿਲੇ ਸਨ, ਜਿਸ ਮਗਰੋਂ ਭਾਜਪਾ ਦਾ ਮੁਕਾਬਲਾ ਕਰਨ ਲਈ ਵਿਰੋਧੀ ਪਾਰਟੀਆਂ ਦੇ ਇਕਜੁੱਟ ਹੋਣ ਦੀ ਚਰਚਾ ਨੇ ਜ਼ੋਰ ਫੜਿਆ। ਹੁਣ ਦੇਖਣਾ ਇਹ ਹੋਵੇਗਾ ਕਿ ਕਾਂਗਰਸ ਇਸ ਮੀਟਿੰਗ ਵਿੱਚ ਹਾਜ਼ਰ ਹੁੰਦੀ ਹੈ ਜਾਂ ਨਹੀਂ ਪਰ ਜਾਣਕਾਰੀ ਮਿਲੀ ਹੈ ਕਿ 7 ਪਾਰਟੀਆਂ ਨੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਕਾਬਿਲੇਗੌਰ ਹੈ ਕਿ ਐਨਸੀਪੀ ਨੇ ਮੰਗਲਵਾਰ ਸਵੇਰੇ ਪਾਰਟੀ ਦੇ ਕੌਮੀ ਅਹੁਦੇਦਾਰਾਂ ਦੀ ਮੀਟਿੰਗ ਵੀ ਸੱਦੀ ਹੈ। -ਏਜੰਸੀ

News Source link