ਕਾਠਮੰਡੂ, 20 ਜੂਨ

ਨੇਪਾਲ ਵਿੱਚ ਪਿਛਲੇ ਹਫ਼ਤੇ ਪਏ ਭਾਰੀ ਮੀਂਹ ਕਾਰਨ ਭੂਮੀ ਖਿਸਕਣ ਤੇ ਹੜ੍ਹ ਆਉਣ ਨਾਲ ਘੱਟੋ-ਘੱਟ 18 ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਹੋਰ ਲਾਪਤਾ ਹਨ।

ਪੁਲੀਸ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹਫ਼ਤੇ ਨੇਪਾਲ ਵਿੱਚ ਭਾਰੀ ਮੀਂਹ ਪਿਆ, ਜਿਸ ਨਾਲ ਹੜ੍ਹ ਆ ਗਿਆ ਤੇ ਅਹਿਮ ਬੁਨਿਆਦੀ ਢਾਂਚੇ ਦਾ ਨੁਕਸਾਨ ਹੋਇਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਮੀਂਹ ਕਾਰਨ ਨਦੀਆਂ ਓਵਰਫਲੋਅ ਹੋ ਗਈਆਂ ਹਨ ਤੇ ਵੱਡੇ ਪੱਧਰ ‘ਤੇ ਨੁਕਸਾਨ ਹੋਇਆ ਹੈ। ਨੇਪਾਲ ਪੁਲੀਸ, ਸੈਨਾ ਤੇ ਸ਼ਸਤਰ ਪੁਲੀਸ ਬਲ ਵੱਲੋਂ ਬਚਾਅ ਤੇ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਨੇਪਾਲ ਪੁਲੀਸ ਹੈੱਡਕੁਆਰਟਰ ਦੇ ਸੂਤਰਾਂ ਅਨੁਸਾਰ ਨੇਪਾਲ ਵਿੱਚ ਚਾਰ ਔਰਤਾਂ ਤੇ ਤਿੰਨ ਬੱਚਿਆਂ ਸਣੇ ਕਰੀਬ 18 ਵਿਅਕਤੀਆਂ ਨੂੰ ਪਿਛਲੇ ਹਫ਼ਤੇ ਜਾਨ ਗੁਆਉਣੀ ਪਈ ਹੈ। ਪੁਲੀਸ ਅਨੁਸਾਰ ਸਿੰਧੂਪਾਲਚੌਕ ਦੇ ਮੇਲਾਮਚੀ ਖੇਤਰ ਵਿੱਚ 20 ਵਿਅਕਤੀ ਤੇ ਬਾਜੂਰਾ ਵਿੱਚ ਇੱਕ ਵਿਅਕਤੀ ਲਾਪਤਾ ਹੈ। ਇਸੇ ਦੌਰਾਨ ਸਿੰਧੂਪਾਲਚੌਕ ਸਥਿਤ ਤਾਤੋਪਾਨੀ ਸਰਹੱਦੀ ਚੌਕੀ ਨੂੰ ਸ਼ਨਿਚਰਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਲਾਰਚਾ ਤੇ ਕੋਡਾਰੀ ਬਾਜ਼ਾਰ ਖੇਤਰ ਦੇ ਵਿਚਕਾਰ ਵਾਲੀਆਂ ਸੜਕਾਂ ਹੜ੍ਹ ਕਾਰਨ ਤਬਾਹ ਹੋ ਗਈਆਂ ਹਨ। -ਪੀਟੀਆਈ

News Source link