ਨਵੀਂ ਦਿੱਲੀ, 18 ਜੂਨ

ਸੁਪਰੀਮ ਕੋਰਟ ਨੇ ਗੈਂਗਸਟਰ ਜੈਪਾਲ ਸਿੰਘ ਭੁੱਲਰ ਦੇ ਪਿਤਾ ਵੱਲੋਂ ਆਪਣੇ ਪੁੱਤਰ ਦਾ ਮੁੜ ਪੋਸਟ ਮਾਰਟਮ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਹਦਾਇਤਾਂ ਜਾਰੀ ਕਰਨ ਦੀ ਮੰਗ ਕਰਦੀ ਪਟੀਸ਼ਨ ਉੱਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਮੁੜ ਸੁਣਵਾਈ ਕਰਨ ਦੀ ਹਦਾਇਤ ਕੀਤੀ ਹੈ। ਹਾਈ ਕੋਰਟ ਨੇ ਨਿਆਂ ਅਧਿਕਾਰ ਖੇਤਰ ਦੇ ਹਵਾਲੇ ਨਾਲ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਹਾਈ ਕੋਰਟ ਨੂੰ ਹਦਾਇਤ ਕੀਤੀ ਕਿ ਉਹ 21 ਜੂਨ ਨੂੰ ਮੁੜ ਉਪਰੋਕਤ ਪਟੀਸ਼ਨ ‘ਤੇ ਵਿਚਾਰ ਕਰੇ। ਜਸਟਿਸ ਇੰਦਰਾ ਬੈਨਰਜੀ ਤੇ ਜਸਟਿਸ ਐੱਮ.ਆਰ.ਸ਼ਾਹ ਦੇ ਵੈਕੇਸ਼ਨ ਬੈਂਚ ਨੇ ਪੰਜਾਬ ਸਰਕਾਰ ਨੂੰ ਭੁੱਲਰ ਦੀ ਮ੍ਰਿਤਕ ਦੇਹ ਦੀ ਸੰਭਾਲ ਲਈ ਢੁੱਕਵਾਂ ਪ੍ਰਬੰਧ ਕੀਤੇ ਜਾਣ ਦੀ ਵੀ ਹਦਾਇਤ ਕੀਤੀ ਹੈ। ਚੇਤੇ ਰਹੇ ਕਿ ਗੈਂਗਸਟਰ ਜੈਪਾਲ ਭੁੱਲਰ ਪੱਛਮੀ ਬੰਗਾਲ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਸਾਂਝੀ ਕਾਰਵਾਈ ਦੌਰਾਨ ਕੋਲਕਾਤਾ ਵਿਚ ਇਕ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ। ਉਸ ਦੀ ਮ੍ਰਿਤਕ ਦੇਹ ਨੂੰ ਕੋਲਕਾਤਾ ਤੋਂ ਫਿਰੋਜ਼ਪੁਰ ਲਿਆਂਦਾ ਗਿਆ। ਮ੍ਰਿਤਕ ਦੇਹ ਦਾ ਇਕ ਵਾਰ ਪੋਸਟ ਮਾਰਟਮ ਹੋ ਚੁੱਕਾ ਹੈ। ਭੁੱਲਰ ਦੇ ਪਿਤਾ ਨੇ ਖ਼ਦਸ਼ਾ ਜਤਾਇਆ ਹੈ ਕਿ ਉਸ ਦੇ ਪੁੱਤਰ ਨੂੰ ਕਥਿਤ ਮੁਕਾਬਲੇ ਤੋਂ ਪਹਿਲਾਂ ਤਸੀਹੇ ਦਿੱਤੇ ਗਏ ਸਨ, ਲਿਹਾਜ਼ਾ ਉਸ ਦੀ ਮ੍ਰਿਤਕ ਦੇਹ ਦਾ ਮੁੜ ਪੋਸਟ ਮਾਰਟਮ ਕਰਵਾਇਆ ਜਾਵੇ। -ਪੀਟੀਆਈ

News Source link