ਕੋਲਕਾਤਾ, 18 ਜੂਨ

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਕੀਲ ਨੇ ਅੱਜ ਕਲਕੱਤਾ ਹਾਈ ਕੋਰਟ ਦੇ ਸਕੱਤਰ ਨੂੰ ਪੱਤਰ ਲਿਖ ਕੇ ਨੰਦੀਗ੍ਰਾਮ ਹਲਕੇ ਤੋਂ ਭਾਜਪਾ ਦੇ ਸ਼ੁਵੇਂਦੂ ਅਧਿਕਾਰੀ ਦੀ ਚੋਣ ਨੂੰ ਚੁਣੌਤੀ ਦੇਣ ਲਈ ਦਾਇਰ ਆਪਣੇ ਮੁਵੱਕਿਲ ਦੀ ਪਟੀਸ਼ਨ ਨੂੰ ਕਿਸੇ ਹੋਰ ਬੈਂਚ ਹਵਾਲੇ ਕਰਨ ਦੀ ਮੰਗ ਕੀਤੀ ਹੈ। ਪੱਤਰ ਵਿੱਚ ਦਾਅਵਾ ਕੀਤਾ ਗਿਆ ਹੈ ਬੈਨਰਜੀ ਦੇ ਧਿਆਨ ਵਿੱਚ ਆਇਆ ਹੈ ਕਿ ਪਟੀਸ਼ਨ ਦੀ ਸੁਣਵਾਈ ਕਰ ਰਹੇ ਜਸਟਿਸ ਕੌਸ਼ਿਕ ਚੰਦਾ ‘ਭਾਜਪਾ ਦੇ ਸਰਗਰਮ ਮੈਂਬਰ ਹਨ” ਅਤੇ ਕਿਉਂ ਜੋ ਦਾਇਰ ਕੀਤੀ ਚੋਣ ਪਟੀਸ਼ਨ ਦੇ ਸਿਆਸੀ ਪ੍ਰਭਾਵ ਹੋ ਸਕਦੇ ਹਨ, ਲਿਹਾਜ਼ਾ ਬੇਨਤੀ ਕੀਤੀ ਜਾਂਦੀ ਹੈ ਕਿ ਕਾਰਜਕਾਰੀ ਚੀਫ਼ ਜਸਟਿਸ, ਜੋ ਹਾਈ ਕੋਰਟ ਦੇ ਕੇਸਾਂ ਦਾ ਰੋਸਟਰ ਤਿਆਰ ਕਰਦੇ ਹਨ, ਇਹ ਕੇਸ ਕਿਸੇ ਹੋਰ ਜੱਜ/ਬੈਂਚ ਹਵਾਲੇ ਕਰਨ। ਚੇਤੇ ਰਹੇ ਕਿ ਜਸਟਿਸ ਚੰਦਾ ਨੇ ਟੀਐੱਮਸੀ ਸੁਪਰੀਮੋ ਵੱਲੋਂ ਦਾਇਰ ਪਟੀਸ਼ਨ ‘ਤੇ ਸੁਣਵਾਈ ਨੂੰ 24 ਜੂਨ ਤੱਕ ਲਈ ਮੁਲਤਵੀ ਕਰ ਦਿੱਤਾ ਹੈ। ਇਸ ਦੌਰਾਨ ਵਕੀਲਾਂ ਨੇ ਇਕ ਧੜੇ ਨੇ ਇਹ ਕੇਸ ਜਸਟਿਸ ਚੰਦਾ ਨੂੰ ਸੌਂਪੇ ਜਾਣ ਦੇ ਫੈਸਲੇ ਖ਼ਿਲਾਫ਼ ਹਾਈ ਕੋਰਟ ਦੇ ਸਾਹਮਣੇੇ ਰੋਸ ਮੁਜ਼ਾਹਰਾ ਵੀ ਕੀਤਾ। ਇਨ੍ਹਾਂ ਵਿਚੋਂ ਇਕ ਵਕੀਲ ਨੇ ਕਿਹਾ, ‘ਜੱਜ ਨਾਲ ਸਾਡੀ ਕੋਈ ਨਿੱਜੀ ਰੰਜਿਸ਼ ਨਹੀਂ ਤੇ ਨਾ ਹੀ ਅਸੀਂ ਉਨ੍ਹਾਂ ਖਿਲਾਫ਼ ਕੋਈ ਦੋਸ਼ ਲਾਉਂਦੇ ਹਾਂ, ਪਰ ਉਹ ਇਕ ਸਿਆਸੀ ਪਾਰਟੀ ਨਾਲ ਜੁੜੇ ਹੋੲੇ ਹਨ। ਲਿਹਾਜ਼ਾ ਜੱਜ ਨੂੰ ਬੈਨਰਜੀ ਦੀ ਪਟੀਸ਼ਨ ‘ਤੇ ਸੁਣਵਾਈ ਤੋਂ ਖੁ਼ਦ ਨੂੰ ਲਾਂਭੇ ਕਰ ਲੈਣਾ ਚਾਹੀਦਾ ਹੈ। ਪੀਟੀਆਈ

News Source link