ਜੈਸਮੀਨ ਭਾਰਦਵਾਜ

ਨਾਭਾ, 18 ਜੂਨ

ਪੱਛਮੀ ਬੰਗਾਲ ਦੀ ਵਿਧਾਨ ਸਭਾ ਚੋਣਾਂ ਪਿੱਛੋਂ ਹੋਈ ਹਿੰਸਾ ਦੇ ਮਾਮਲੇ ਵਿੱਚ ਆਰਐੱਸਐੱਸ ਵੱਲੋਂ ‘ਵਿਚਾਰਧਾਰਕ ਸਾਂਝ’ ਰੱਖਣ ਵਾਲੇ ਲੋਕਾਂ ਤੋਂ ਚੰਦਾ ਇਕੱਠਾ ਕੀਤਾ ਜਾ ਰਿਹਾ ਹੈ। ਰਾਸ਼ਟਰੀ ਸੋਇਮ ਸੇਵਕ ਸੰਘ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਚੋਣਾਂ ਪਿੱਛੋਂ ਹੋਈ ਹਿੰਸਾ ਦੇ ਪੀੜਤਾਂ ਦੇ ਪਰਿਵਾਰਾਂ ਦੇ ਮੁੜ ਵਸੇਬੇ ਅਤੇ ਕਾਨੂੰਨੀ ਮਦਦ ਕਰਨ ਦੇ ਮਕਸਦ ਨਾਲ ਇਹ ਫੰਡ ਇਕੱਤਰ ਕੀਤਾ ਜਾ ਰਿਹਾ ਹੈ। ਪਟਿਆਲਾ, ਸੰਗਰੂਰ, ਬਰਨਾਲਾ ਸਮੇਤ ਤਿੰਨ ਜ਼ਿਲ੍ਹਿਆਂ ਦੀ ਇਕਾਈ ਪਟਿਆਲਾ ਵਿਭਾਗ ਦੇ ਅਹੁਦੇਦਾਰ ਗਿਰਧਾਰੀ ਲਾਲ ਨੇ ਦੱਸਿਆ ਕਿ ਉਹ ਪਟਿਆਲਾ ਵਿਭਾਗ ‘ਚੋਂ ਦੱਸ ਲੱਖ ਦੇ ਯੋਗਦਾਨ ਦਾ ਟੀਚਾ ਲੈ ਕੇ ਚੱਲ ਰਹੇ ਹਨ ਅਤੇ ਚਾਰ ਲੱਖ ਹਾਲੇ ਤੱਕ ਜਮ੍ਹਾਂ ਹੋ ਚੁੱਕਾ ਹੈ। ਇਹ ਫੰਡ ਵਸਥੂਹਾਰਾ ਸਮਿਤੀ ਬੰਗਾਲ ਨੂੰ ਭੇਜਿਆ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਨੂੰ ਬੈਂਕ ਖਾਤਾ ਨੰਬਰ ਮੁਹੱਈਆ ਕਰਵਾਇਆ ਗਿਆ ਹੈ। ਨਾਭਾ ਦੇ ਭਾਜਪਾ ਆਗੂ ਅਨੁਸਾਰ ਪੰਜਾਬ ਦਾ ਮਾਹੌਲ ਦੇਖਦੇ ਹੋਏ ਇਹ ਮੁਹਿੰਮ ਖੁੱਲ੍ਹ ਕੇ ਨਹੀਂ ਚਲਾਈ ਜਾ ਰਹੀ, ਜਿਸ ਕਾਰਨ ਟੀਚਾ ਵੀ ਛੋਟਾ ਰੱਖਿਆ ਗਿਆ ਹੈ ਪਰ ਗਿਰਧਾਰੀ ਲਾਲ ਅਤੇ ਸੰਘ ਦੇ ਨਾਭਾ ਦੇ ਅਹੁਦੇਦਾਰ ਡਾ. ਗਗਨ ਸ਼ਰਮਾ ਦਾ ਕਹਿਣਾ ਹੈ ਕਿ ਰਾਮ ਮੰਦਰ ਲਈ ਚੰਦੇ ਦੀ ਤਰ੍ਹਾਂ ਇਹ ਰਾਸ਼ੀ ਘਰ ਘਰ ਤੋਂ ਇੱਕਠੀ ਨਹੀਂ ਕੀਤੀ ਜਾ ਰਹੀ, ਬਲਕਿ ਉਨ੍ਹਾਂ ਲੋਕਾਂ ਕੋਲੋਂ ਹੀ ਮਦਦ ਲਈ ਜਾ ਰਹੀ ਹੈ ਜੋ ਇਸ ਗੱਲ ਨੂੰ ਸਮਝਦੇ ਹਨ ਕਿ ਬੰਗਾਲ ਵਿੱਚ ਧੱਕੇਸ਼ਾਹੀ ਹੋਈ ਹੈ। ਸੰਘ ਅਧਿਕਾਰੀਆਂ ਨੇ ਦੱਸਿਆ ਕਿ ਵੱਖ ਵੱਖ ਸੰਸਥਾਵਾਂ ਜਿਵੇ ਵਿਸ਼ਵ ਹਿੰਦੂ ਪਰਿਸ਼ਦ, ਭਾਜਪਾ, ਸੇਵਾ ਭਾਰਤੀ, ਭਾਰਤ ਵਿਕਾਸ ਪਰਿਸ਼ਦ ਸੰਸਥਾਵਾਂ ਵਿੱਚ ਸੰਘ ਦੀ ਵਿਚਾਰਧਾਰਾ ਨਾਲ ਜੁੜੇ ਵਿਅਕਤੀ ਇਸ ਮੁਹਿੰਮ ਵਿੱਚ ਉਨ੍ਹਾਂ ਦਾ ਸਹਿਯੋਗ ਕਰ ਰਹੇ ਹਨ।

News Source link