ਸਰਬਜੀਤ ਸਿੰਘ ਭੰਗੂ

ਪਟਿਆਲਾ, 18 ਜੂਨ

ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੌਰਾਨ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ਦੇ ਡਾਕਟਰਾਂ ਨੂੰ ਵਾਧੇ ਦੀ ਬਜਾਏ ਵਿੱਤੀ ਨੁਕਸਾਨ ਹੋਇਆ ਹੈ। ਨਾਲ ਹੀ ਮੰਗਾਂ ਨਾ ਮੰਨਣ ਦੇ ਵਿਰੋਧ ‘ਚ ਡਾਕਟਰਾਂ ਨੇ ਅੱਜ ਰਾਜਿੰਦਰਾ ਹਸਪਤਾਲ ਵਿਖੇ ਓਪੀਡੀ ਸੇਵਾਵਾਂ ਦੋ ਘੰਟੇ ਲਈ ਠੱਪ ਰੱਖੀਆਂ। ਡੈਂਟਲ ਕਾਲਜ ਵਿੱਚ ਵੀ ਦੋ ਘੰਟੇ ਕੰਮਕਾਰ ਠੱਪ ਰੱਖਿਆ। ਵਿਦਿਆਰਥੀਆਂ ਦੀਆਂ ਆਨ-ਲਾਈਨ ਕਲਾਸਾਂ ਵੀ ਬੰਦ ਰੱਖੀਆਂ। ਇਸ ਮੌਕੇ ਪੰਜਾਬ ਸਟੇਟ ਮੈਡੀਕਲ ਐਂਡ ਡੈਂਟਲ ਟੀਚਰਜ਼ ਐਸੋਸੀਏਸ਼ਨ ਦੇ ਕਾਰਜਕਾਰੀ ਪ੍ਰਧਾਨ ਡਾ. ਵਿਜੇ ਬੋਦਲ, ਜਨਰਲ ਸਕੱਤਰ ਡਾ. ਡੀਐੱਸ ਭੁੱਲਰ, ਜੁਆਇੰਟ ਸਕੱਤਰ ਡਾ. ਨਵਜੋਤ ਸਿੰਘ ਖੁਰਾਣਾ, ਪਟਿਆਲਾ ਇਕਾਈ ਦੇ ਸਕੱਤਰ ਡਾ. ਦਰਸ਼ਨਜੀਤ ਵਾਲੀਆ ਅਤੇ ਵਿੱਤ ਸਕੱਤਰ ਡਾ. ਪ੍ਰੀਤਇੰਦਰ ਚਾਹਲ ਅਨੁਸਾਰ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਵਲੋਂ ਜਾਰੀ ਸਿਫਾਰਸ਼ਾਂ ਅਧੀਨ ਮੈਡੀਕਲ ਅਤੇ ਡੈਂਟਲ ਕਾਲਜਾਂ ਦੇ ਡਾਕਟਰਾਂ ਨੂੰ ਮਿਲਦਾ ਐੱਨਪੀਏ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕਰਨ ਉਪਰੰਤ ਇਸ ਨੂੰ ਬੇਸਿਕ ਤਨਖਾਹ ਨਾਲੋਂ ਵੱਖਰਾ ਕੀਤਾ ਜਾ ਰਿਹਾ ਹੈ। ਇਹ ਡਾਕਟਰਾਂ ਨਾਲ ਧੱਕਾ ਹੈ। ਸਮਾਂਬੱਧ ਤਰੱਕੀਆਂ ਅਤੇ ਸੇਵਾਮੁਕਤੀ ਦੀ ਉਮਰ 65 ਸਾਲ ਕਰਨ ਦੀ ਮੰਗ ਵੀ ਪੂਰੀ ਨਹੀਂ ਕੀਤੀ ਗਈ। ਮੰਗਾਂ ਦੀ ਜਲਦੀ ਪੂਰਤੀ ਨਾ ਹੋਣ ‘ਤੇ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਗਈ। ਇਸ ਦੇ ਨਾਲ ਹੀ ਇੰਡੀਅਨ ਮੈਡੀਕਲ ਐਸੋਸੀਏਸ਼ਨ ਵਲੋਂ ਦੇਸ਼ ਭਰ ਵਿੱਚ ਡਾਕਟਰਾਂ ਉਪਰ ਹਮਲਿਆਂ ਦੇ ਵਿਰੋਧ ਵਿੱਚ ਦਿੱਤੇ ਸੱਦੇ ਅਨੁਸਾਰ ਮੈਡੀਕਲ ਅਤੇ ਡੈਂਟਲ ਕਾਲਜ ਪਟਿਆਲਾ ਦੇ ਸਰਕਾਰੀ ਡਾਕਟਰਾਂ ਵਲੋਂ ਕਾਲੇ ਬਿੱਲੇ ਲਗਾ ਕੇ ਦਿਨ ਭਰ ਰੋਸ ਪ੍ਰਗਟ ਕੀਤਾ ਗਿਆ।

News Source link