ਪਟਨਾ, 17 ਜੂਨ

ਲੋਕ ਜਨਸ਼ਕਤੀ ਪਾਰਟੀ (ਲੋਜਪਾ) ਦੇ ਬਾਗੀ ਧੜੇ ਨੇ ਵੀਰਵਾਰ ਨੂੰ ਕੌਮੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਸੰਸਦ ਮੈਂਬਰ ਪਸ਼ੂਪਤੀ ਕੁਮਾਰ ਪਾਰਸ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਨਵਾਂ ਕੌਮੀ ਪ੍ਰਧਾਨ ਚੁਣ ਲਿਆ। ਪਾਰਸ ਨੇ ਹਾਲ ਹੀ ਵਿੱਚ ਆਪਣੇ ਭਤੀਜੇ ਚਿਰਾਗ ਪਾਸਵਾਨ ਨੂੰ ਲੋਕ ਸਭਾ ਵਿੱਚ ਪਾਰਟੀ ਦੇ ਨੇਤਾ ਅਤੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਪਾਰਟੀ ਵਿਚਲੇ ਸੂਤਰਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਤਿੰਨ ਵਜੇ ਤਕ ਕਿਸੇ ਹੋਰ ਦਾਅਵੇਦਾਰ ਵੱਲੋਂ ਸਾਹਮਣੇ ਨਾ ਆਉਣ ‘ਤੇ ਹਾਜੀਪੁਰ ਤੋਂ ਸੰਸਦ ਮੈਂਬਰ ਪਾਰਸ ਨੂੰ ਸਰਬਸੰਮਤੀ ਨਾਲ ਪਾਰਟੀ ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ। ਪ੍ਰਧਾਨ ਬਣਨ ਬਾਅਦ ਚਿਰਾਗ ‘ਤੇ ਹਮਲਾ ਬੋਲਦਿਆਂ ਪਾਰਸ ਨੇ ਕਿਹਾ ਕਿ ਇਹ ਪਰਜਾਤੰਤਰ ਹੈ; ਕੋਈ ਤਾਉਮਰ ਪ੍ਰਧਾਨ ਨਹੀਂ ਰਹਿ ਸਕਦਾ। ਜਦੋਂ ਪੱਤਰਕਾਰਾਂ ਨੇ ਪਾਰਸ ਤੋਂ ਪੁੱਛਿਆ ਕਿ ਤੁਹਾਡੇ ਕੋਲ ਚਾਰ ਅਹੁਦੇ ਹਨ ਤਾਂ ਉਹ ਭੜਕ ਗਏ ਅਤੇ ਪ੍ਰੈਸ ਕਾਨਫੰਰਸ ਛੱਡ ਕੇ ਚਲੇ ਗਏ। ਕਾਰਜਕਾਰਨੀ ਦੇ 76 ਮੈਂਬਰਾਂ ਵਿਚੋਂ 71 ਮੈਂਬਰਾਂ ਨੇ ਪਾਰਸ ਦਾ ਸਮਰਥਨ ਕੀਤਾ ਹੈ।

ਉਧਰ, ਬੁੱਧਵਾਰ ਨੂੰ ਚਿਰਾਗ ਪਾਸਵਾਨ ਨੇ ਦਾਅਵਾ ਕੀਤਾ ਸੀ ਕਿ ਪਾਰਟੀ ਪ੍ਰਧਾਨ ਦੀ ਚੋਣ ਦੋ ਸਥਿਤੀਆਂ ਵਿੱਚ ਹੀ ਹੋ ਸਕਦੀ ਹੈ, ਪਹਿਲਾ ਜੇ ਪ੍ਰਧਾਨ ਦੀ ਮੌਤ ਹੋ ਜਾਵੇ ਅਤੇ ਦੂਜਾ ਜੇ ਉਹ ਅਹੁਦੇ ਤੋਂ ਅਸਤੀਫ਼ਾ ਦੇ ਦੇਵੇ। ਚਿਰਾਗ ਨੇ ਕਿਹਾ, ”ਮੈਂ ਜ਼ਿੰਦਾ ਹਾਂ ਅਤੇ ਮੈਂ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੱਤਾ, ਪ੍ਰਧਾਨ ਦੀ ਚੋਣ ਗੈਰਸੰਵਿਧਾਨਕ ਹੈ। ਅੱਜ ਪਟਨਾ ਵਿੱਚ ਪਸ਼ੂਪਤੀ ਪਾਰਸ ਦੇ ਅਗਵਾਈ ਵਾਲੇ ਧੜੇ ਵੱਲੋਂ ਲੋਜਪਾ ਦੀ ਮੀਟਿੰਗ ਸੱਦਣ ਨੂੰ ਚਿਰਾਗ ਨੇ ਗੈਰਸੰਵਿਧਾਨਕ ਕਰਾਰ ਦਿੰਦਿਆਂ ਕਿਹਾ ਕਿ ਇਸ ਵਿੱਚ ਕੋਰਮ ਦੀ ਘਾਟ ਸੀ। ਉਨ੍ਹਾਂ ਨਾਲ ਹੀ ਕਿਹਾ ਕਿ ਪਾਰਟੀ ਨੇ ਚੋਣ ਕਮਿਸ਼ਨ ਨੂੰ ਪਾਰਸ ਦੀ ਅਗਵਾਈ ਵਾਲੇ ਧੜੇ ਨੂੰ ਆਪਣੀਆਂ ਮੀਟਿੰਗਾਂ ਵਿੱਚ ਲੋਜਪਾ ਦੇ ਨਿਸ਼ਾਨ ਅਤੇ ਝੰਡੇ ਦੀ ਵਰਤੋਂ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਲੋਜਪਾ ਦੇ ਜਨਰਲ ਸਕੱਤਰ ਅਬਦੁਲ ਖਾਲਿਕ ਨੇ ਕਿਹਾ ਕਿ ਪਾਰਟੀ ਦੀ ਕੌਮੀ ਕਾਰਜਕਾਰੀ ਦੀ ਮੀਟਿੰਗ ਐਤਵਾਰ ਨੂੰ ਦਿੱਲੀ ਵਿੱਚ ਹੋਵੇਗੀ, ਜਿਸ ਵਿੱਚ ਚਿਰਾਗ ਪਾਸਵਾਨ ਦੀ ਪ੍ਰਧਾਨ ਵਜੋਂ ਕੀਤੀ ਚੋਣ ਦੀ ਤਾਈਦ ਕੀਤੀ ਜਾਵੇਗੀ। –ਏਜੰਸੀ

News Source link