ਜਨੇਵਾ, 16 ਜੂਨ

ਰਾਸ਼ਟਰਪਤੀ ਜੋਅ ਬਾਇਡਨ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਰਮਿਆਨ ਜਨੇਵਾ ਵਿਚ ਪਹਿਲੇ ਗੇੜ ਦੀ ਗੱਲਬਾਤ ਖ਼ਤਮ ਹੋ ਗਈ ਹੈ। ਦੋਵੇਂ ਆਗੂ ਜਨੇਵਾ ਵਿਚ ਦੋ ਉੱਚ ਪੱਧਰੀ ਬੈਠਕਾਂ ਕਰ ਰਹੇ ਹਨ। ਬਾਇਡਨ ਤੇ ਪੂਤਿਨ ਦੀ ਪਹਿਲੀ ਮਿਲਣੀ ਮੌਕੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਵਰੋਵ ਅਤੇ ਦੁਭਾਸ਼ੀਏ ਹਾਜ਼ਰ ਸਨ। ਦੋਵਾਂ ਆਗੂਆਂ ਵਿਚਾਲੇ ਵਾਰਤਾ ਦੇ ਦੋ ਹੋਰ ਸੈਸ਼ਨ ਵੀ ਹੋਣਗੇ। ਇਸ ਦੌਰਾਨ ਵੀ ਦੁਭਾਸ਼ੀਏ ਤੇ ਹੋਰ ਸਹਿਯੋਗ ਕਰਨ ਵਾਲੇ ਹਾਜ਼ਰ ਹੋਣਗੇ। ਅਮਰੀਕਾ ਵੱਲੋਂ ਬੈਠਕ ਵਿਚ ਬਲਿੰਕਨ, ਕੌਮੀ ਸੁਰੱਖਿਆ ਸਲਾਹਕਾਰ ਜੈਕ ਸੁਲੀਵਨ, ਸਿਆਸੀ ਮਾਮਲਿਆਂ ਬਾਰੇ ਅੰਡਰ-ਸੈਕਟਰੀ ਵਿਕਟੋਰੀਆ ਨੁਲੈਂਡ, ਰੂਸ ਵਿਚ ਅਮਰੀਕਾ ਦੇ ਰਾਜਦੂਤ ਜੌਹਨ ਸੁਲੀਵਨ ਤੇ ਕੌਮੀ ਸੁਰੱਖਿਆ ਕੌਂਸਲ ਵਿਚ ਰੂਸ ਬਾਰੇ ਮਾਹਿਰ ਐਰਿਕ ਗ੍ਰੀਨ ਤੇ ਸਟ੍ਰੈਗਸ ਕਲੌਡਿਸ ਹਾਜ਼ਰ ਹੋਣਗੇ। ਰੂਸ ਦੇ ਵਫ਼ਦ ਵਿਚ ਲਵਰੋਵ ਤੋਂ ਇਲਾਵਾ ਪੂਤਿਨ ਦੇ ਵਿਦੇਸ਼ੀ ਮਾਮਲਿਆਂ ਬਾਰੇ ਸਲਾਹਕਾਰ ਯੂਰੀ ਉਸ਼ਾਕੋਵ, ਲਾਵਰੋਵ ਦੇ ਡਿਪਟੀ ਸਰਗੇਈ ਰਯਾਬਕੋਵ, ਰੂਸੀ ਫ਼ੌਜ ਦੇ ਚੀਫ਼ ਆਫ਼ ਸਟਾਫ਼ ਜਨਰਲ ਵਲੈਰੀ ਗਿਰਾਸੀਮੋਵ, ਅਮਰੀਕਾ ਵਿਚ ਰੂਸ ਦੇ ਰਾਜਦੂਤ ਐਨਾਟੋਲੀ ਐਂਟੋਨੋਵ, ਰੂਸ ਦੇ ਯੂਕਰੇਨ, ਸੀਰੀਆ ਵਿਚਲੇ ਰਾਜਦੂਤ ਅਤੇ ਪੂਤਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਹਾਜ਼ਰ ਹੋਣਗੇ। ਸਿਖ਼ਰ ਸੰਮੇਲਨ ਚਾਰ ਤੋਂ ਪੰਜ ਘੰਟੇ ਚੱਲੇਗਾ ਜਿਸ ਤੋਂ ਬਾਅਦ ਦੋਵੇਂ ਆਗੂ ਪ੍ਰੈੱਸ ਕਾਨਫ਼ਰੰਸ ਕਰਨਗੇ। -ਏਪੀ

News Source link