ਲਖਨਊ, 14 ਜੂਨ

ਅਯੁੱਧਿਆ ਵਿੱਚ ਰਾਮ ਮੰਦਿਰ ਲਈ ਜ਼ਮੀਨ ਖਰੀਦ ਵਿੱਚ ਕਥਿਤ ਘੁਟਾਲੇ ਦੇ ਵਿਰੋਧ ਵਿੱਚ ਉੱਤਰ ਪ੍ਰਦੇਸ਼ ਕਾਂਗਰਸ ਦੀਆਂ ਮਹਿਲਾ ਵਰਕਰਾਂ ਨੇ ਅੱਜ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਪ੍ਰਦਰਸ਼ਨ ਕੀਤਾ। ਪੁਲੀਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ। ਸੂਬਾਈ ਕਾਂਗਰਸ ਦੇ ਮੀਡੀਆ ਕੋਆਰਡੀਨੇਟਰ ਲਲਨ ਕੁਮਾਰ ਨੇ ਕਿਹਾ ਕਿ ਘੁਟਾਲੇ ਦੇ ਵਿਰੋਧ ਵਿੱਚ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਪਾਲ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਰਿਹਾਇਸ ਅੱਗੇ ਪ੍ਰਦਰਸ਼ਨ ਕਰ ਰਹੀ ਪਾਰਟੀ ਦੀਆਂ ਮਹਿਲਾ ਵਰਕਰਾਂ ‘ਤੇ ਪੁਲੀਸ ਨੇ ਤਾਕਤ ਦੀ ਵਰਤੋਂ ਕੀਤੀ, ਜਿਸ ਕਾਰਨ ਕਈ ਵਰਕਰਾਂ ਜ਼ਖ਼ਮੀ ਹੋ ਗਈਆਂ। ਉਨ੍ਹਾਂ ਦੱਸਿਆ ਕਿ ਬਾਅਦ ਵਿੱਚ ਪੁਲੀਸ ਨੇ ਪ੍ਰਦਰਸ਼ਨ ਕਰ ਰਹੀਆਂ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ ਤੇ ਈਕੋ ਗਾਰਡਨ ਭੇਜ ਦਿੱਤਾ। ਉਨ੍ਹਾਂ ਦੋਸ਼ ਲਗਾਇਆ ਕਿ ਮੰਦਿਰ ਟਰੱਸਟ ਦੇ ਅਹੁਦੇਦਾਰਾਂ ਨੇ ਦੋ ਕਰੋੜ ਦੀ ਜ਼ਮੀਨ ਨੂੰ ਮਹਿਜ਼ ਪੰਜ ਮਿੰਟਾਂ ਵਿੱਚ 18 ਕਰੋੜ ਰੁਪਏ ਵਿੱਚ ਖਰੀਦਿਆ। ਉਨ੍ਹਾਂ ਕਿਹਾ ਕਿ ਟਰੱਸਟ ਦੇ ਅਹੁਦੇਦਾਰ ਭਗਵਾਨ ਰਾਮ ਦੇ ਨਾਂ ‘ਤੇ ਅਖੀਰ ਵਿੱਚ ਇਹ ਕਿਹੜਾ ਧੰਦਾ ਕਰ ਰਹੇ ਹਨ।

News Source link