ਫਾਲਮਾਊਥ, 13 ਜੂਨ

ਦੁਨੀਆ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ ਦੇ ਆਗੂਆਂ ਦਾ ਦੋ ਸਾਲਾਂ ਵਿਚ ਪਹਿਲਾ ਸੰਮੇਲਨ ਕਰੋਨਾਵਾਇਰਸ ਦੇ ਖ਼ਿਲਾਫ਼ ਦੁਨੀਆ ਭਰ ਵਿਚ ਟੀਕਾਕਰਨ ਕਰਨ, ਜਲਵਾਯੂ ਤਬਦੀਲੀ ਨੂੰ ਰੋਕਣ ਲਈ ਆਪਣੇ ਹਿੱਸੇ ਦੀ ਵੱਡੀ ਰਾਸ਼ੀ ਤੇ ਤਕਨੀਕ ਦੇਣ ਦੇ ਪ੍ਰਭਾਵਸ਼ਾਲੀ ਵਾਅਦਿਆਂ ਨਾਲ ਅੱਜ ਸਮਾਪਤ ਹੋ ਗਿਆ। ਇਨ੍ਹਾਂ ਆਗੂਆਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਮਹਾਮਾਰੀ ਕਾਰਨ ਹੋਈ ਉਥਲ-ਪੁਥਲ ਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਸਥਿਰ ਸੁਭਾਅ ਮਗਰੋਂ ਹੁਣ ਕੌਮਾਂਤਰੀ ਪੱਧਰ ਉਤੇ ਸਹਿਯੋਗ ਫਿਰ ਵਧਣ ਲੱਗਾ ਹੈ। ਇਨ੍ਹਾਂ ਆਗੂਆਂ ਨੇ ਸੁਨੇਹਾ ਦਿੱਤਾ ਕਿ ਅਮੀਰ ਲੋਕਤੰਤਰਿਕ ਦੇਸ਼ਾਂ ਦਾ ਇਹ ਸਮੂਹ ਜਿਸ ਵਿਚ ਕੈਨੇਡਾ, ਫਰਾਂਸ, ਜਰਮਨੀ, ਇਟਲੀ, ਜਪਾਨ, ਅਮਰੀਕਾ ਤੇ ਬਰਤਾਨੀਆ ਸ਼ਾਮਲ ਹਨ, ਗਰੀਬ ਦੇਸ਼ਾਂ ਲਈ ਤਾਨਾਸ਼ਾਹ ਚੀਨ ਦੇ ਮੁਕਾਬਲੇ ਵਧੀਆ ਮਿੱਤਰ ਹੈ। ਜੀ-7 ਵਿਚ ਸ਼ਾਮਲ ਦੇਸ਼ਾਂ ਨੇ ਚੀਨ ਦੀਆਂ ‘ਗ਼ੈਰ-ਬਾਜ਼ਾਰੀ ਆਰਥਿਕ ਗਤੀਵਿਧੀਆਂ’ ਨੂੰ ਚੁਣੌਤੀ ਦੇਣ ਉਤੇ ਸਹਿਮਤੀ ਬਣਾਈ ਹੈ। ਉਨ੍ਹਾਂ ਪੇਈਚਿੰਗ ਨੂੰ ਸ਼ਿਨਜਿਆਂਗ ਤੇ ਹਾਂਗਕਾਂਗ ਵਿਚ ਮਨੁੱਖੀ ਹੱਕਾਂ ਦਾ ਸਤਿਕਾਰ ਕਰਨ ਦਾ ਸੱਦਾ ਵੀ ਦਿੱਤਾ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਬਾਕੀ ਮੁਲਕਾਂ ਨੂੰ ਚੀਨ ਖ਼ਿਲਾਫ਼ ਵਧੇਰੇ ਮਜ਼ਬੂਤ ਮੋਰਚਾ ਬਣਾਉਣ ਲਈ ਸਹਿਮਤ ਕਰਨਾ ਚਾਹੁੰਦੇ ਸਨ। ਸਾਂਝੇ ਬਿਆਨ ਵਿਚ ਕਿਹਾ ਗਿਆ ਹੈ ਕਿ ਅਜਿਹੀਆਂ ਆਰਥਿਕ ਗਤੀਵਿਧੀਆਂ ਨੂੰ ਉਹ ਚੁਣੌਤੀ ਦਿੰਦੇ ਰਹਿਣਗੇ ਜੋ ਆਲਮੀ ਅਰਥਵਿਵਸਥਾ ਵਿਚ ਨਿਰਪੱਖ ਤੇ ਪਾਰਦਰਸ਼ੀ ਲੈਣ-ਦੇਣ ਦਾ ਪਾਲਣ ਨਹੀਂ ਕਰਦੀਆਂ। ਸੰਮੇਲਨ ਦੇ ਮੇਜ਼ਬਾਨ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਚਾਹੁੰਦੇ ਸਨ ਕਿ ਤਿੰਨ ਦਿਨਾਂ ਦੇ ਸੰਮੇਲਨ ਦਾ ਇਸਤੇਮਾਲ ‘ਆਲਮੀ ਬਰਤਾਨੀਆ’ ਦੀ ਸਾਖ਼ ਨੂੰ ਮਜ਼ਬੂਤ ਕਰਨ ਲਈ ਕੀਤਾ ਜਾਵੇ, ਜੋ ਉਨ੍ਹਾਂ ਦੀ ਸਰਕਾਰ ਦੀ ਪਹਿਲ ਹੈ ਜਿਸ ਵਿਚ ਉਹ ਸੰਸਾਰ ਦੇ ਮੁੱਦਿਆਂ ਨੂੰ ਸੁਲਝਾਉਣ ਵਿਚ ਬਰਤਾਨੀਆ ਦੀ ਪ੍ਰਭਾਵਸ਼ਾਲੀ ਭੂਮਿਕਾ ਚਾਹੁੰਦੇ ਹਨ। ਹਾਲਾਂਕਿ ਦੱਖਣ-ਪੱਛਮੀ ਇੰਗਲੈਂਡ ਦੇ ਤੱਟੀ ਸ਼ਹਿਰ ਵਿਚ ਹੋਏ ਸੰਮੇਲਨ ਦੇ ਟੀਚਿਆਂ ਉਤੇ ਬ੍ਰੈਗਜ਼ਿਟ ਦੇ ਬੱਦਲ ਛਾਏ ਰਹੇ। ਯੂਰੋਪੀ ਸੰਘ ਦੇ ਆਗੂ ਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬਰਤਾਨੀਆ-ਯੂਰੋਪੀ ਸੰਘ ਵਪਾਰ ਨਿਯਮਾਂ ਉਤੇ ਚਿੰਤਾ ਜਤਾਈ ਜਿਸ ਕਾਰਨ ਉੱਤਰੀ ਆਇਰਲੈਂਡ ਵਿਚ ਤਣਾਅ ਦਾ ਮਾਹੌਲ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜੀ-7 ਸੰਮੇਲਨ 2019 ਵਿਚ ਫਰਾਂਸ ਵਿਚ ਹੋਇਆ ਸੀ। ਪਿਛਲੇ ਸਾਲ ਇਹ ਸੰਮੇਲਨ ਅਮਰੀਕਾ ਵਿਚ ਹੋਣਾ ਸੀ ਪਰ ਮਹਾਮਾਰੀ ਕਾਰਨ ਨਹੀਂ ਹੋ ਸਕਿਆ। ਜ਼ਿਕਰਯੋਗ ਹੈ ਕਿ ਗ਼ੈਰ ਜੀ-7 ਮੈਂਬਰ ਦੇ ਰੂਪ ਵਿਚ ਭਾਰਤ ਨੂੰ ਵੀ ਬਤੌਰ ਮਹਿਮਾਨ ਸੱਦਿਆ ਗਿਆ ਸੀ। ਸੰਮੇਲਨ ਵਿਚ ਸਾਫ਼ ਤੌਰ ‘ਤੇ ਦੇਖਿਆ ਗਿਆ ਕਿ ਅਮਰੀਕਾ ਦੀ ‘ਵਾਪਸੀ’ ਨਾਲ ਉਸ ਦੇ ਮਿੱਤਰ ਦੇਸ਼ ਰਾਹਤ ਮਹਿਸੂਸ ਕਰ ਰਹੇ ਹਨ। -ਏਪੀ

ਚੀਨ ਵੱਲੋਂ ਜੀ-7 ਸੰਮੇਲਨ ਬਾਰੇ ਤਿੱਖਾ ਪ੍ਰਤੀਕਰਮ

ਪੇਈਚਿੰਗ: ਚੀਨ ਨੇ ਅੱਜ ਕਿਹਾ ਕਿ ਉਹ ਦਿਨ ਲੱਦ ਗਏ ਹਨ ਜਦ ਮੁਲਕਾਂ ਦਾ ਇਕ ‘ਛੋਟਾ ਜਿਹਾ ਗਰੁੱਪ’ ਆਲਮੀ ਪੱਧਰ ‘ਤੇ ਮਰਜ਼ੀ ਨਾਲ ਫ਼ੈਸਲੈ ਲੈਂਦਾ ਸੀ। ਜ਼ਿਕਰਯੋਗ ਹੈ ਕਿ ਸਿਖ਼ਰ ਸੰਮੇਲਨ ਵਿਚ ਚੀਨ ਦੀ ਤਿੱਖੀ ਆਲੋਚਨਾ ਕੀਤੀ ਗਈ ਹੈ। ਮਨੁੱਖੀ ਹੱਕਾਂ ਦੇ ਘਾਣ ਤੇ ਬੈਲਟ ਅਤੇ ਰੋਡ ਪ੍ਰਾਜੈਕਟ ਦੇ ਪੱਖ ਤੋਂ ਚੀਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਲੰਡਨ ਵਿਚ ਚੀਨ ਦੇ ਦੂਤਾਵਾਸ ਨੇ ਕਿਹਾ ਕਿ ਦੁਨੀਆ ਵਿਚ ਇਕੋ ਕੌਮਾਂਤਰੀ ਢਾਂਚਾ ਹੈ ਜਿਸ ਦੀ ਅਗਵਾਈ ਸੰਯੁਕਤ ਰਾਸ਼ਟਰ ਕਰਦਾ ਹੈ। ਮੁਲਕ ਭਾਵੇਂ ਛੋਟੇ ਹੋਣ ਜਾਂ ਵੱਡੇ, ਕਮਜ਼ੋਰ ਹੋਣ ਜਾਂ ਮਜ਼ਬੂਤ ਸਾਰੇ ਬਰਾਬਰ ਹਨ। -ਪੀਟੀਆਈ

ਗਰੀਬ ਮੁਲਕਾਂ ਨੂੰ ਇਕ ਅਰਬ ਖੁਰਾਕਾਂ ਦੇਣਗੇ ਜੀ-7 ਮੁਲਕ

ਦੁਨੀਆ ਦੇ ਸੱਤ ਅਮੀਰ ਮੁਲਕਾਂ ਦੇ ਇਸ ਗਰੁੱਪ ਨੇ ਗਰੀਬ ਦੇਸ਼ਾਂ ਨੂੰ 2022 ਦੇ ਅੰਤ ਤੱਕ ਇਕ ਅਰਬ ਵੈਕਸੀਨ ਡੋਜ਼ ਦੇਣ ਦਾ ਅਹਿਦ ਵੀ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗਰੀਬ ਮੁਲਕਾਂ ਦੀ ਮਹਾਮਾਰੀ ਕਾਰਨ ਝੰਬੀ ਆਰਥਿਕਤਾ ਸੁਧਾਰਨ ਵਿਚ ਮਦਦ ਕੀਤੀ ਜਾਵੇਗੀ। -ਪੀਟੀਆਈ

News Source link