ਪਿਸ਼ਾਵਰ, 10 ਜੂਨ

ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੂੰ ਉਸ ਵੱਲੋਂ ਹਾਲ ਹੀ ਵਿੱਚ ਵਿਆਹ ਸਬੰਧੀ ਕੀਤੀ ਟਿੱਪਣੀ ਲਈ ਧਮਕਾਉਣ ਤੇ ਲੋਕਾਂ ਨੂੰ ਉਸ ‘ਤੇ ਹਮਲਾ ਕਰਨ ਲਈ ਭੜਕਾਉਣ ਦੇ ਦੋਸ਼ ਹੇਠ ਪਾਕਿਸਤਾਨ ਦੇ ਇੱਕ ਮੌਲਵੀ ਨੂੰ ਅਤਿਵਾਦੀ ਵਿਰੋਧੀ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ‘ਦਿ ਡਾਅਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਪੁਲੀਸ ਨੇ ਬੀਤੇ ਦਿਨ ਉਸ ਦੇ ਘਰ ਛਾਪਾ ਮਾਰਿਆ ਤੇ ਖੈਬਰ ਪਖਤੂਨਖਵਾ ਪ੍ਰਾਂਤ ਦੇ ਮਰਵਤ ਜ਼ਿਲ੍ਹੇ ਵਿੱਚ ਮੌਲਵੀ ਵਜੋਂ ਕੰਮ ਕਰਦੇ ਮੁਫਤੀ ਸਰਦਾਰ ਅਲੀ ਹੱਕਾਨੀ ਨੂੰ ਗਿਫ਼ਤਾਰ ਕਰ ਲਿਆ। ਐੱਸਐੱਚਓ ਵਸੀਮ ਸਜਾਦ ਦੀ ਸ਼ਿਕਾਇਤ ‘ਤੇ ਉਸ ਖ਼ਿਲਾਫ਼ ਇੱਕ ਐੱਫਆਈਆਰ ਦਰਜ ਕਰ ਲਈ ਗਈ ਹੈ। ਐੱਫਆਈਆਰ ਮੁਤਾਬਕ ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਵੀਡੀਓ ਵਿੱਚ ਮੁਫਤੀ ਸਰਦਾਰ ਪਿਸ਼ਾਵਰ ਵਿੱਚ ਇੱਕ ਇਕੱਠ ਵਿੱਚ ਲੋਕਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਲੈਣ ਤੇ ਮਲਾਲਾ ‘ਤੇ ਹਮਲਾ ਕਰਨ ਲਈ ਭੜਕਾ ਰਿਹਾ ਵਿਖਾਈ ਦਿੰਦਾ ਹੈ। ਇਸ ਸਮੇਂ ਉਸ ਕੋਲ ਹਥਿਆਰ ਵੀ ਸਨ। ਐੱਫਆਈਆਰ ਮੁਤਾਬਕ ਉਸ ਨੇ ਕਿਹਾ,’ਜਦੋਂ ਮਲਾਲਾ ਪਾਕਿਸਤਾਨ ਆਵੇਗੀ ਤਾਂ ਸਭ ਤੋਂ ਪਹਿਲਾਂ ਮੈਂ ਉਸ ‘ਤੇ ਆਤਮਘਾਤੀ ਹਮਲਾ ਕਰਾਂਗਾ।’ ਖ਼ਬਰ ਮੁਤਾਬਕ ਇਸ ਭਾਸ਼ਣ ਨਾਲ ਸ਼ਾਂਤੀ ਭੰਗ ਤੇ ਭੜਕਾਹਟ ਪੈਦਾ ਹੋਈ। ਦੱਸਣਯੋਗ ਹੈ ਕਿ ਮੈਗਜ਼ੀਨ ‘ਵੋਅ’ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਆਕਸਫੋਰਡ ਯੂਨੀਵਰਸਿਟੀ ਤੋਂ ਗਰੈਜੂਏਟ ਅਤੇ ਲੜਕੀਆਂ ਦੀ ਸਿੱਖਿਆ ਦੀ ਵਕਾਲਤ ਕਰਨ ਵਾਲੇ ਇੱਕ ਪਾਕਿਸਤਾਨੀ ਕਾਰਕੁਨ 23 ਸਾਲਾ ਮਲਾਲਾ ਨੇ ਕਿਹਾ ਕਿ ਉਸ ਨੂੰ ਨਹੀਂ ਲੱਗਦਾ ਕਿ ਉਹ ਕਦੇ ਵਿਆਹ ਕਰਵਾਏਗੀ। ਉਸਨੇ ਕਿਹਾ,’ਮੈਨੂੰ ਅਜੇ ਵੀ ਇਹ ਸਮਝ ਨਹੀਂ ਆਉਂਦੀ ਕਿ ਲੋਕਾਂ ਨੂੰ ਵਿਆਹ ਕਿਉਂ ਕਰਵਾਉਣਾ ਪੈਂਦਾ ਹੈ। ਜੇਕਰ ਤੁਸੀਂ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਚਾਹੁੰਦੇ ਹੋ ਤਾਂ ਤੁਹਾਨੂੰ ਮੈਰਿਜ ਪੇਪਰਾਂ ‘ਤੇ ਹਸਤਾਖਰ ਕਿਉਂ ਕਰਨੇ ਪੈਂਦੇ ਹਨ, ਇਹ ਇੱਕ ਸਾਂਝੇਦਾਰੀ ਕਿਉਂ ਨਹੀਂ ਹੋ ਸਕਦੀ?’ -ਪੀਟੀਆਈ

News Source link