ਮਨਧੀਰ ਸਿੰਘ ਦਿਓਲ

ਨਵੀਂ ਦਿੱਲੀ, 11 ਜੂਨ

ਤਿੰਨ ਖੇਤੀ ਕਾਨੂੰਨਾਂ ਤੇ ਹੋਰ ਮੰਗਾਂ ਲਈ ਦਿੱਲੀ ਦੇ ਮੁੱਖ ਮਾਰਗਾਂ ‘ਤੇ 6 ਮਹੀਨੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਮੋਰਚਿਆਂ ਵਿੱਚ ਕਿਸਾਨਾਂ ਦੀ ਆਮਦ ਜਾਰੀ ਹੈ ਤੇ ਹੋਰ ਰਾਜਾਂ ਤੋਂ ਵੀ ਕਿਸਾਨ ਜੱਥੇ ਆ ਰਹੇ ਹਨ। ਅੱਜ ਮੰਚ ਸੰਚਾਲਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕਿਸਾਨ ਅੰਦੋਲਨ ਲਗਾਤਾਰ ਮਜ਼ਬੂਤੀ ਫੜ ਰਿਹਾ ਹੈ। ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਰਾਜਸਥਾਨ ਤੋਂ ਲਗਾਤਾਰ ਕਿਸਾਨਾਂ ਦੇ ਕਾਫ਼ਲੇ ਦਿੱਲੀ ਦੇ ਮੋਰਚਿਆਂ ‘ਤੇ ਪਹੁੰਚ ਰਹੇ ਹਨ। ਝੋਨੇ ਦਾ ਸੀਜ਼ਨ ਹੋਣ ਦੇ ਬਾਵਜੂਦ ਕਿਸਾਨ ਦਿੱਲੀ ਸਮੇਤ ਪੰਜਾਬ ਦੇ ਮੋਰਚਿਆਂ ‘ਤੇ ਡਟੇ ਹੋਏ ਹਨ। ਕਿਸਾਨਾਂ ਨੇ ਮੋਦੀ-ਸਰਕਾਰ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਭਾਵੇਂ 6 ਮਹੀਨੇ ਹੋਰ ਕਿਉਂ ਨਾ ਬਹਿਣਾ ਪਵੇ ਪਰ ਉਹ ਆਪਣੀਆਂ ਮੰਗਾਂ ਸਬੰਧੀ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਹਟਣਗੇ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵੇਖਦਿਆਂ ਭਾਜਪਾ ਦੋਫਾੜ ਹੋ ਚੁੱਕੀ ਹੈ। ਸਪੱਸ਼ਟ ਹੈ ਕਿ ਭਾਜਪਾ ਦੇ ਸਾਰੇ ਆਗੂ ਹਕੀਕਤਾਂ ਤੋਂ ਜਾਣੂ ਹਨ ਪਰ ਮੋਦੀ-ਸਰਕਾਰ ਦੀ ਤਾਨਾਸ਼ਾਹੀ ਕਾਰਨ ਉਹ ਦਬਵੀਂ ਆਵਾਜ਼ ‘ਚ ਬੋਲ ਰਹੇ ਹਨ।

News Source link