ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਜੂਨ

ਇਥੇ ਫ਼ਿਰੋਜ਼ਪੁਰ-ਜ਼ੀਰਾ ਰੋਡ ‘ਤੇ ਰਾਜਸਥਾਨ ਨਹਿਰ ਵਿਚ ਅੱਜ ਅਧਿਆਪਕ ਨੇ ਪਰਿਵਾਰ ਸਣੇ ਆਪਣਾ ਮੋਟਰਸਾਈਕਲ ਨਹਿਰ ‘ਚ ਸੁੱਟ ਦਿੱਤਾ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਹਿੰਮਤ ਕਰਕੇ ਉਸ ਦੀ ਪਤਨੀ ਤੇ ਪੁੱਤਰੀ ਨੂੰ ਨਹਿਰ ਵਿਚੋਂ ਜ਼ਿੰਦਾ ਕੱਢ ਲਿਆ, ਜਦਕਿ ਅਧਿਆਪਕ ਤੇ ਉਸ ਦੇ ਪੁੱਤਰ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ। ਪਿੰਡ ਸ਼ਾਹ ਵਾਲਾ ਦਾ ਰਹਿਣ ਵਾਲਾ ਬੇਅੰਤ ਸਿੰਘ (35) ਆਪਣੇ ਖ਼ੁਦ ਦੇ ਸਕੂਲ ਵਿਚ ਅਧਿਆਪਕ ਸੀ, ਜਦਕਿ ਉਸਦੀ ਪਤਨੀ ਵੀ ਉਸੇ ਸਕੂਲ ਵਿਚ ਪ੍ਰਿੰਸੀਪਲ ਹੈ। ਬੇਅੰਤ ਸਿੰਘ ਅੱਜ ਪਰਿਵਾਰ ਨਾਲ ਮੋਟਰਸਾਈਕਲ ‘ਤੇ ਪਹਿਲਾਂ ਪਿੰਡ ਸੁਰ ਸਿੰਘ ਵਾਲਾ ਵਿਚ ਸਥਿਤ ਗੁਰਦੁਆਰੇ ਮੱਥਾ ਟੇਕਣ ਗਿਆ ਤੇ ਉਸ ਤੋਂ ਬਾਅਦ ਜਿਵੇਂ ਹੀ ਉਹ ਰਾਜਸਥਾਨ ਫ਼ੀਡਰ ਦੇ ਨਜ਼ਦੀਕ ਪੁੱਜਾ ਤਾਂ ਉਸ ਨੇ ਆਪਣਾ ਮੋਟਰਸਾਈਕਲ ਨਹਿਰ ਦੇ ਨਾਲ ਜਾਂਦੀ ਸੜਕ ‘ਤੇ ਪਾ ਦਿੱਤਾ। ਨਹਿਰ ਦੀ ਪਹਿਲੀ ਪੌੜੀ ਦੇ ਨਜ਼ਦੀਕ ਪਹੁੰਚਦਿਆਂ ਹੀ ਉਸ ਨੇ ਮੋਟਰਸਾਈਕਲ ਨਹਿਰ ਵਿਚ ਸੁੱਟ ਦਿੱਤਾ। ਕੁਝ ਲੋਕਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਉਸ ਦੀ ਪਤਨੀ ਵੀਰਜੀਤ ਕੌਰ ਤੇ ਬੇਟੀ ਰਹਿਮਤ (7 ਮਹੀਨੇ) ਨੂੰ ਨਹਿਰ ਵਿਚੋਂ ਸੁਰੱਖਿਅਤ ਬਾਹਰ ਕੱਢ ਲਿਆ ਪਰ ਬੇਅੰਤ ਸਿੰਘ ਤੇ ਉਸ ਦਾ ਪੁੱਤਰ ਗੁਰਬਖ਼ਸ਼ ਸਿੰਘ(8) ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।

News Source link