ਸੰਜੀਵ ਹਾਂਡਾ
ਫ਼ਿਰੋਜ਼ਪੁਰ, 10 ਜੂਨ

ਗੈਂਗਸਟਰ ਜੈਪਾਲ ਭੁੱਲਰ ਨੂੰ ਮੁਕਾਬਲੇ ਵਿੱਚ ਮਾਰਨ ‘ਤੇ ਉਸ ਦੇ ਪਰਿਵਾਰ ਨੇ ਪੁਲੀਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹਾ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜੈਪਾਲ ਤੇ ਉਸ ਦੇ ਸਾਥੀ ਜਸਪ੍ਰੀਤ ਜੱਸੀ ਦੀ ਮੌਤ ਤੋਂ ਤੁਰੰਤ ਬਾਅਦ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਤਸਵੀਰਾਂ ਤੋਂ ਸਾਫ਼ ਹੈ ਕਿ ਪੁਲੀਸ ਮੁਕਾਬਲੇ ਵਕਤ ਦੋਵੇਂ ਆਪਣੇ ਕਮਰੇ ਵਿਚ ਅਰਾਮ ਕਰ ਰਹੇ ਸਨ। ਪੁਲੀਸ ਚਾਹੁੰਦੀ ਤਾਂ ਦੋਵਾਂ ਤੋਂ ਆਤਮ ਸਮਰਪਣ ਕਰਵਾ ਸਕਦੀ ਸੀ ਪਰ ਪੁਲੀਸ ਨੇ ਅਜਿਹਾ ਕਰਨ ਦੀ ਬਜਾਏ ਦੋਵਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰਿਵਾਰ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਪਾਸੋਂ ਇਸ ਮੁਕਾਬਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਜੈਪਾਲ ਦੇ ਪਰਿਵਾਰ ਦੇ ਕੁਝ ਲੋਕ ਅੱਜ ਉਸ ਦੀ ਦੇਹ ਨੂੰ ਫ਼ਿਰੋਜ਼ਪੁਰ ਲਿਆਉਣ ਵਾਸਤੇ ਇਥੋਂ ਰਵਾਨਾ ਹੋ ਗਏ। ਜੈਪਾਲ ਦੇ ਘਰ ਅੱਜ ਸਾਰਾ ਦਿਨ ਪੱਤਰਕਾਰਾਂ ਦੀ ਭੀੜ ਰਹੀ। ਮੁਹੱਲੇ ਦੇ ਕੁਝ ਲੋਕ ਤੇ ਰਿਸ਼ਤੇਦਾਰ ਵੀ ਅੱਜ ਜੈਪਾਲ ਦੀ ਮਾਤਾ ਨਾਲ ਅਫ਼ਸੋਸ ਕਰਨ ਵਾਸਤੇ ਘਰ ਪਹੁੰਚੇ। ਜੈਪਾਲ ਦਾ ਅਸਲ ਨਾਂ ਮਨਜੀਤ ਸਿੰਘ ਸੀ ਤੇ ਉਸ ਉਪਰ ਪੰਜਾਹ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਸਨ। ਜੈਪਾਲ ਦੀ ਮਾਂ ਦਾ ਕਹਿਣਾ ਹੈ ਕਿ ਅੱਠ ਸਾਲ ਤੋਂ ਉਨ੍ਹਾਂ ਦਾ ਜੈਪਾਲ ਦੇ ਨਾਲ ਕਦੇ ਸੰਪਰਕ ਨਹੀਂ ਹੋਇਆ।

News Source link