ਟੋਰਾਂਟੋ, 8 ਜੂਨ

ਇੱਥੇ ਇੱਕ ਨੌਜਵਾਨ ਵੱਲੋਂ ਇੱਕ ਮੁਸਲਿਮ ਪਰਿਵਾਰ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ ਵਿੱਚ ਚਾਰ ਮੈਂਬਰਾਂ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਕੈਨੇਡੀਅਨ ਪੁਲੀਸ ਨੇ ਦੱਸਿਆ ਕਿ ਲੰਡਨ ਦੇ ਓਂਟਾਰੀਓ ਸ਼ਹਿਰ ਵਿੱਚ ਐਤਵਾਰ ਰਾਤ ਨੂੰ ਵਾਪਰੀ ਘਟਨਾ ਮਗਰੋਂ ਨੇੜਲੇ ਮਾਲ ਦੀ ਪਾਰਕਿੰਗ ਵਿੱਚੋਂ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇੱਕ ਕਾਲੇ ਰੰਗ ਦੇ ਪਿਕਅੱਪ ਟਰੱਕ ਦੇ ਡਰਾਈਵਰ ਨੇ ਅਚਾਨਕ ਮੋੜ ਕੱਟਿਆ ਤੇ ਇੱਕ ਚੁਰਸਤੇ ‘ਤੇ ਇਸ ਪਰਿਵਾਰ ‘ਚ ਟੱਕਰ ਮਾਰ ਦਿੱਤੀ। ਇਸ ਸਬੰਧੀ ਮੇਅਰ ਐੱਡ ਹੋਲਡਰ ਨੇ ਕਿਹਾ,’ਇਹ ਸਮੂਹਿਕ ਕਤਲ ਦੀ ਘਟਨਾ ਹੈ, ਜਿਸਨੂੰ ਮੁਸਲਿਮਾਂ ਨੂੰ ਨਿਸ਼ਾਨਾ ਬਣਾ ਕੇ ਅੰਜਾਮ ਦਿੱਤਾ ਗਿਆ ਹੈ। ਇਸ ਦੀਆਂ ਜੜ੍ਹਾਂ ਨਫ਼ਰਤ ‘ਚ ਹਨ।’ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਇੱਕ ਬਿਆਨ ਜਾਰੀ ਕਰ ਕੇ ਪਰਿਵਾਰ ਦੇ ਮੈਂਬਰਾਂ ਦੀ ਪਛਾਣ ਨਸ਼ਰ ਕੀਤੀ ਜਿਸ ਮੁਤਾਬਕ ਮ੍ਰਿਤਕਾਂ ਵਿੱਚ ਸਲਮਾਨ ਅਫਜ਼ਲ (46), ਉਸ ਦੀ ਪਤਨੀ ਮਦੀਹਾ (44), ਯੁਮਨਾ (15) ਅਤੇ ਇੱਕ 74 ਸਾਲਾਂ ਦਾਦੀ ਸ਼ਾਮਲ ਹਨ ਜਦਕਿ ਲੜਕੇ ਦੀ ਪਛਾਣ ਫਾਏਜ਼ ਵਜੋਂ ਹੋਈ ਹੈ ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਬਿਆਨ ਮੁਤਾਬਕ ਜਿਹੜੇ ਲੋਕ ਵੀ ਸਲਮਾਨ ਤੇ ਬਾਕੀ ਪਰਿਵਾਰ ਨੂੰ ਜਾਣਦੇ ਸਨ, ਉਨ੍ਹਾਂ ਨੂੰ ਪਤਾ ਸੀ ਕਿ ਉਹ ਚੰਗੇ ਮੁਸਲਮਾਨ, ਕੈਨੇਡੀਅਨ ਨਾਗਰਿਕ ਤੇ ਪਾਕਿਸਤਾਨੀ ਸਨ। ਉਨ੍ਹਾਂ ਨੇ ਆਪਣੇ ਖੇਤਰਾਂ ਵਿੱਚ ਸਖ਼ਤ ਮਿਹਨਤ ਕੀਤੀ ਤੇ ਸਫ਼ਲਤਾ ਹਾਸਲ ਕੀਤੀ। ਉਨ੍ਹਾਂ ਦੇ ਬੱਚੇ ਆਪਣੇ ਸਕੂਲਾਂ ਵਿੱਚ ਹੁਸ਼ਿਆਰ ਵਿਦਿਆਰਥੀਆਂ ‘ਚ ਸ਼ਾਮਲ ਸਨ ਤੇ ਆਪਣੀ ਅਧਿਆਤਮਕ ਪਛਾਣ ਨਾਲ ਜੁੜੇ ਹੋਏ ਸਨ। ਇੱਕ ਵੈੱਬਪੇਜ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਸਲਮਾਨ ਇੱਕ ਫਿਜੀਓਥੈਰੇਪਿਸਟ ਸੀ ਤੇ ਕ੍ਰਿਕਟ ਖੇਡਣ ਦਾ ਸ਼ੌਕੀਨ ਸੀ ਜਦਕਿ ਉਸ ਦੀ ਪਤਨੀ ਲੰਡਨ ਦੀ ਵੈਸਟਰਨ ਯੂਨੀਵਰਸਿਟੀ ਵਿੱਚ ਸਿਵਲ ਇੰਜਨੀਅਰਿੰਗ ਵਿੱਚ ਪੀਐੱਚ ਦੀ ਡਿਗਰੀ ਕਰ ਰਹੀ ਸੀ। ਇਨ੍ਹਾਂ ਦੀ ਧੀ ਨੌਵੀਂ ਕਲਾਸ ਵਿੱਚ ਪੜ੍ਹਦੀ ਸੀ ਤੇ ਦਾਦੀ ਇਸ ਪਰਿਵਾਰ ਦਾ ਥੰਮ੍ਹ ਸੀ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਲੋਕਾਂ ਨੂੰ ਅਜਿਹੇ ਨਫ਼ਰਤੀ ਹਮਲਿਆਂ ਤੇ ਇਸਲਾਮੋਫੋਬੀਆ ਖ਼ਿਲਾਫ਼ ਖੜ੍ਹਾ ਹੋਣਾ ਚਾਹੀਦਾ ਹੈ। ਮੁਲਜ਼ਮ ਦੀ ਪਛਾਣ ਨੈਥਾਨੀਲ ਵਾਲਟਮੈਨ ਇਸ ਸਮੇਂ ਪੁਲੀਸ ਹਿਰਾਸਤ ਵਿੱਚ ਹੈ। ਪੁਲੀਸ ਮੁਤਾਬਕ ਲੰਡਨ ਦਾ ਵਸਨੀਕ ਮੁਲਜ਼ਮ ਇਸ ਪਰਿਵਾਰ ਨੂੰ ਨਹੀਂ ਜਾਣਦਾ ਸੀ। -ਏਪੀ

News Source link