ਟ੍ਰਿਬਿਊਨ ਵੈੱਬ ਡੈਸਕ

ਚੰਡੀਗੜ੍ਹ, 4 ਜੂਨ

ਪੰਜਾਬ ਕਾਂਗਰਸ ਆਗੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਰੋਨਾ ਰੋਕੂ ਟੀਕੇ ਨਿੱਜੀ ਹਸਪਤਾਲਾਂ ਨੂੰ ‘ਵੇਚਣ’ ਦੇ ਵਿਵਾਦ ‘ਤੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪੱਤਰ ਲਿਖਿਆ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਪ੍ਰਤੀ ਖ਼ੁਰਾਕ ਦੇ ਹਿਸਾਬ ਨਾਲ 40 ਹਜ਼ਾਰ ਖ਼ੁਰਾਕਾਂ ਵੇਚੀਆਂ ਗਈਆਂ, ਜਿਸ ਤੋਂ ਸਰਕਾਰ ਨੂੰ 2.64 ਕਰੋੜ ਰੁਪਏ ਦਾ ਫ਼ਾਇਦਾ ਹੋਇਆ। ਉਨ੍ਹਾਂ ਪੱਤਰ ਵਿੱਚ ਕਿਹਾ ਕਿ ਪੰਜਾਬ ਵੈਕਸੀਨੇਸ਼ਨ ਦੇ ਨੋਡਲ ਅਫ਼ਸਰ ਵਿਕਾਸ ਗਰਗ ਨੇ ਵੀ ਵਿਕਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ”ਖ਼ਾਸ ਕਰ ਕਰੋਨਾ ਦੀ ਦੂਜੀ ਲਹਿਰ ਦੇ ਅੱਧ-ਵਿਚਕਾਰ ਇਹ ਨੀਤੀ ਬਿਲਕੁਲ ਸਹੀ ਨਹੀਂ ਹੈ। ਦੇਸ਼ ਖ਼ਾਸ ਕਰ ਕੇ ਪੰਜਾਬ ਟੀਕਿਆਂ ਦੀ ਥੁੜ੍ਹ ਨਾਲ ਜੂਝ ਰਿਹਾ ਹੈ। ਕੋਵਿਸ਼ੀਲਡ ਦਾ ਭੰਡਾਰ ਖ਼ਤਮ ਹੋਣ ਮਗਰੋਂ ਪੰਜਾਬ ਸਰਕਾਰ ਨੂੰ 27 ਮਈ ਨੂੰ ਕੋਵੈਕਸ਼ੀਨ ਦੀਆਂ 1.14 ਲੱਖ ਖ਼ੁਰਾਕਾਂ ਮਿਲੀਆਂ ਸਨ।”

ਪ੍ਰਤਾਪ ਬਾਜਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖਿਆ ਗਿਆ ਪੱਤਰ।

ਬਾਜਵਾ ਨੇ ਲਿਖਿਆ, ”ਸਰਕਾਰ ਨੂੰ ਵੱਡੇ ਪੱਧਰ ‘ਤੇ ਲੋਕਾਂ ਦਾ ਟੀਕਾਕਰਨ ਕਰਨਾ ਚਾਹੀਦਾ ਸੀ। ਪ੍ਰਾਈਵੇਟ ਹਸਪਤਾਲਾਂ ਨੂੰ 1/3 ਖ਼ੁਰਾਕਾਂ ਦਿੱਤੀਆਂ ਗਈਆਂ। ਇਸ ਲਈ ਪੰਜਾਬ ਸਰਕਾਰ ਲੋਕਾਂ ਪ੍ਰਤੀ ਆਪਣਾ ਫ਼ਰਜ਼ ਨਿਭਾਉਣ ਵਿੱਚ ਨਾਕਾਮ ਰਹੀ ਹੈ।” ਰਾਜ ਸਭਾ ਮੈਂਬਰ ਨੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਤੀ ਖ਼ੁਰਾਕ 1560 ਰੁਪਏ ਕੀਮਤ ਤੈਅ ਕਰਨ ਦੇ ਮਕਸਦ ‘ਤੇ ਵੀ ਸਵਾਲ ਚੁੱਕੇ।

News Source link