ਰਵੇਲ ਸਿੰਘ ਭਿੰਡਰ
ਪਟਿਆਲਾ, 3 ਜੂਨ

ਰੁਜ਼ਗਾਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਇਥ ਸਥਿਤ ਰਿਹਾਇਸ਼ ਨਿਊ ਮੋਤੀ ਬਾਗ ਪੈਲੇਸ ਵੱਲ ਵਧ ਰਹੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਨੂੰ ਪੁਲੀਸ ਨੇ ਵਾਈਪੀਐੱਸ ਚੌਕ ਕੋਲ ਰੋਕ ਲਿਆ ਜਿਸ ਕਾਰਨ ਹਾਲਾਤ ਤਣਾਅਪੂਰਨ ਹੋ ਗਏ। ਇਕ ਵਾਰ ਤਾਂ ਇੰਝ ਲੱਗਿਆ ਕਿ ਪੁਲੀਸ ਕਿਸੇ ਵੇਲੇ ਲਾਠੀਚਾਰਜ ਕਰ ਸਕਦੀ ਹੈ। ਤਣਾਅਪੂਰਨ ਹਾਲਾਤ ਨੂੰ ਪ੍ਰਸ਼ਾਸਨ ਨੇ ਮੌਕੇ ‘ਤੇ ਸੰਭਾਲ ਲਿਆ ਤੇ ਪ੍ਰਦਰਸ਼ਨਕਾਰੀਆਂ ਦੀ ਮੁੱਖ ਸਕੱਤਰ ਵਿਨੀ ਮਹਾਜਨ ਨਾਲ 8 ਜੂਨ ਨੂੰ ਦੁਪਹਿਰ 12 ਵਜੇ ਪੈਨਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਦਿੱਤਾ। ਬੇਰੁਜ਼ਗਾਰ ਅਧਿਆਪਕ ਦੀ ਮੰਗ ਹੈ ਕਿ ਮੁੱਖ ਸਕੱਤਰ ਵਿਨੀ ਮਹਾਜਨ ਨਾਲ ਉਨ੍ਹਾਂ ਦੀ ਬੈਠਕ ਤੈਅ ਕਰਵਾਈ ਜਾਵੇ, ਜਦੋਂ ਕਿ ਪ੍ਰਸ਼ਾਸਕੀ ਅਮਲੇ ਵੱਲੋਂ ਹਾਲੇ ਟਾਲ ਮਟੋਲ ਕੀਤਾ ਜਾ ਰਿਹਾ ਹੈ। ਅਧਿਆਪਕ ਪਹਿਲਾਂ ਇਥੇ ਲੀਲਾ ਭਵਨ ‘ਚ ਇਕੱਤਰ ਹੋਣ ਮਗਰੋਂ ਰੋਸ ਮਾਰਚ ਕਰਦੇ ਜਦੋਂ ਫੁਹਾਰਾ ਚੌਕ ਕੋਲ ਪੁੱਜੇ ਤਾਂ ਕਿਸੇ ਪ੍ਰਸ਼ਾਸਕੀ ਅਧਿਕਾਰੀ ਵੱਲੋਂ ਗੱਲਬਾਤ ਨਾ ਕੀਤੇ ਜਾਣ ਦੇ ਰੋਸ ਵਜੋਂ ਉਨ੍ਹਾਂ ਨਿਊ ਮੋਤੀ ਬਾਗ ਪੈਲੇਸ ਵੱਲ ਵਹੀਰ ਘੱਤ ਲਈ।

ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਵਾਈਪੀਐੱਸ ਚੌਕ ਕੋਲ ਰੋਕ ਲਿਆ ਹੈ। ਕਰੀਬ ਦੋ ਘੰਟੇ ਤੋਂ ਇਥੇ ਤਣਾਅ ਵਾਲਾ ਮਾਹੌਲ ਰਿਹਾ। ਵੱਡੀ ਗਿਣਤੀ ਮਹਿਲਾ ਪ੍ਰਦਰਸ਼ਨਕਾਰੀ ਹੋਣ ਕਾਰਨ ਪੁਲੀਸ ਵੱਲੋਂ ਮਾਹੌਲ ਨੂੰ ਸ਼ਾਂਤ ਰੱਖਣ ਲਈ ਵੱਡੀ ਤਾਦਾਦ ਲੇਡੀ ਪੁਲੀਸ ਤਾਇਨਾਤ ਕਰ ਦਿੱਤੀ।

News Source link