ਟੁਲਸਾ, 2 ਜੂਨ

ਰਾਸ਼ਟਰਪਤੀ ਜੋਅ ਬਾਇਡਨ ਨੇ ਟੁਲਸਾ ‘ਚ ਸਿਆਹਫਾਮ ਭਾਈਚਾਰੇ ਨੂੰ ਤਾਉਮਰ ਪੀੜ ਦੇਣ ਵਾਲੀ ਨਸਲਕੁਸ਼ੀ ਦੇ ਸੌ ਸਾਲ ਪੂਰੇ ਹੋਣ ‘ਤੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ‘ਉਸ ਚੁੱਪ ਨੂੰ ਤੋੜਨ ਆਏ ਹਨ’ ਜੋ ਦੇਸ਼ ਵਿੱਚ ਨਸਲੀ ਹਿੰਸਾ ਦੀਆਂ ਬੇਹੱਦ ਦੁਖਦਾਈ ਘਟਨਾਵਾਂ ‘ਚੋਂ ਇੱਕ ਬਾਰੇ ਧਾਰ ਕੇ ਰੱਖੀ ਹੋਈ ਹੈ।

ਬਾਇਡਨ ਨੇ ਕਿਹਾ, ‘ਕੁਝ ਅਨਿਆਂ ਇੰਨੇ ਨਫ਼ਰਤ ਭਰੇ, ਗੰਭੀਰ, ਡਰਾਉਣੇ ਅਤੇ ਭਿਆਨਕ ਹੁੰਦੇ ਹਨ ਕਿ ਉਨ੍ਹਾਂ ਨੂੰ ਦਬਾਇਆ ਨਹੀਂ ਜਾ ਸਕਦਾ, ਚਾਹੇ ਫਿਰ ਲੋਕ ਇਸ ਲਈ ਕਿੰਨੇ ਵੀ ਯਤਨ ਕਿਉਂ ਨਾ ਕਰ ਲੈਣ।’ ਉਨ੍ਹਾਂ ਕਿਹਾ, ‘ਅਜਿਹੇ ਵਿੱਚ ਸਿਰਫ਼ ਸੱਚ ਹੀ ਮੱਲ੍ਹਮ ਦਾ ਕੰਮ ਕਰ ਸਕਦਾ ਹੈ।’

ਬਾਇਡਨ ਨੇ ਗਰੀਨਵੁੱਡ ਐਵੇਨਿਊ ‘ਚ ਇਤਿਹਾਸਕ ਵਰਨਨ ਅਫਰੀਕਨ ਇਪਿਸਕੋਪਲ ਚਰਚ ਦੇ ਸਾਹਮਣੇ ਕਰੀਬ ਇੱਕ ਸਦੀ ਪਹਿਲਾਂ ਗੋਰਿਆਂ ਵੱਲੋਂ ਮੌਤ ਦੇ ਘਾਟ ਉਤਾਰੇ ਗਏ ਸੈਂਕੜੇ ਸਿਆਹਫਾਮ ਲੋਕਾਂ ਦੀ ਯਾਦਗਾਰ ‘ਤੇ ਸ਼ਰਧਾਂਜਲੀ ਵੀ ਭੇਟ ਕੀਤੀ। ਉਨ੍ਹਾਂ ਨੇ ਗਰੀਨਵੁੱਡ ਸੱਭਿਆਚਾਰਕ ਕੇਂਦਰ ਵਿੱਚ ਇਤਿਹਾਸਕ ਤਸਵੀਰਾਂ ਨੂੰ ਦੇਖਿਆ ਅਤੇ ਨਸ਼ਲਕੁਸ਼ੀ ਦੇ ਤਿੰਨ ਪੀੜਤਾਂ ਨਾਲ ਮੁਲਕਾਤ ਵੀ ਕੀਤੀ।

ਰਾਸ਼ਟਰਪਤੀ ਨੇ ਕਿਹਾ, ‘ਕਿਉਂਕਿ ਇਤਿਹਾਸ ਇਸ ਬਾਰੇ ਚੁੱਪ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਅਜਿਹਾ ਕੁਝ ਹੋਇਆ ਹੀ ਨਹੀਂ। ਮੈਂ ਇੱਥੇ ਇਸ ਚੁੱਪ ਨੂੰ ਤੋੜਨ ਆਇਆ ਹਾਂ ਕਿਉਂਕਿ ਇਹ ਜ਼ਖ਼ਮ ਨੂੰ ਡੂੰਘਾ ਕਰਦੀ ਹੈ।’ ਬਾਇਡਨ ਨੇ ਕਿਹਾ ਕਿ ਹੁਣ ਇਨ੍ਹਾਂ ਦੀ ਪੂਰੀ ਕਹਾਣੀ ਸਾਹਮਣੇ ਆਵੇਗੀ। -ਏਪੀ

ਆਰਕਟਿਕ ਰੱਖ ‘ਚੋਂ ਤੇਲ ਤੇ ਗੈਸ ਕੱਢਣ ਦੇ ਪਟੇ ਮੁਅੱਤਲ

ਵਾਸ਼ਿੰਗਟਨ: ਬਾਇਡਨ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਅਲਾਸਕਾ ਦੀ ਆਰਕਟਿਕ ਜੰਗਲੀ ਜੀਵ ਰੱਖ ‘ਚ ਤੇਲ ਅਤੇ ਗੈਸ ਕੱਢਣ ਦੇ ਪਟੇ (ਮੁਅੱਤਲ) ਕਰ ਦਿੱਤੇ ਹਨ। ਇਨ੍ਹਾਂ ਪਟਿਆਂ ਨੂੰ ਅਮਰੀਕਾ ਦੇ ਪਿਛਲੇ ਟਰੰਪ ਪ੍ਰਸ਼ਾਸਨ ਵੱਲੋਂ ਮਨਜ਼ੂਰੀ ਦਿੱਤੀ ਗਈ ਸੀ। ਅਲਾਸਕਾ ਦੀ ਆਰਕਟਿਕ ਰੱਖ ਧਰੁਵੀ ਭਾਲੂਆਂ (ਪੋਲਰ ਬੀਅਰਸ) ਅਤੇ ਜੰਗਲੀ ਜਾਨਵਰਾਂ ਦੀ ਪਨਾਹਗਾਹ ਹੈ। ਗ੍ਰਹਿ ਵਿਭਾਗ ਦਾ ਇਹ ਹੁਕਮ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ 20 ਜਨਵਰੀ ਨੂੰ ਦਫ਼ਤਰ ‘ਚ ਕਾਰਜਭਾਰ ਸੰਭਾਲਣ ਦੇ ਪਹਿਲੇ ਦਿਨ ਹੀ ਤੇਲ ਤੇ ਗੈਸ ਲੀਜ਼ ਸਰਗਮੀਆਂ ‘ਤੇ ਅਸਥਾਈ ਰੋਕ ਮੁਤਾਬਕ ਜਾਰੀ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਨਜ਼ਰਸਾਨੀ ਮਗਰੋਂ ਫ਼ੈਸਲੇ ‘ਚ ਕੌਮੀ ਵਾਤਾਵਰਨ ਨੀਤੀ ਕਾਨੂੰਨ ਤਹਿਤ ਖਾਮੀਆਂ ਪਾਏ ਜਾਣ ਕਾਰਨ ਇਹ ਰੋਕ ਲਾਈ ਗਈ ਹੈ।

ਪੈਲੋਸੀ ਵੱਲੋਂ ਸੰਸਦ ‘ਤੇ ਹਮਲੇ ਦੀ ਜਾਂਚ ਸਬੰਧੀ ਕਮਿਸ਼ਨ ਰੱਦ

ਵਾਸ਼ਿੰਗਟਨ: ਸਦਨ ਦੀ ਸਪੀਕਰ ਨੈਨਸੀ ਪੈਲੋਸੀ ਨੇ 6 ਜਨਵਰੀ ਨੂੰ ਅਮਰੀਕੀ ਸੰਸਦ ‘ਤੇ ਹਮਲੇ ਦੀ ਜਾਂਚ ਲਈ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਬਣਾਏ ਗਏ ਕਮਿਸ਼ਨ ਨੂੰ ਖਾਰਜ ਕਰ ਦਿੱਤਾ ਹੈ। ਪੈਲੋਸੀ ਨੇ ਇਹ ਕਦਮ ਸ਼ੁੱਕਰਵਾਰ ਨੂੰ ਸੈਨੇਟ ‘ਚ ਵਿੱਚ ਰਿਪਬਲਿਕਨਾਂ ਵੱਲੋਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੀਤੀ ਗਈ ਘੇਰਾਬੰਦੀ ਦੀ ਜਾਂਚ ਲਈ ਇੱਕ ਨਿਰਪੱਖ ਪੈਨਲ ਵਾਸਤੇ ਕਾਨੂੰਨ ਬਣਾਉਣ ਤੋਂ ਰੋਕੇ ਜਾਣ ਤੋਂ ਬਾਅਦ ਚੁੱਕਿਆ ਹੈ। ਉਸ ਨੇ ਹਮਲੇ ਦੀ ਜਾਂਚ ਲਈ ਚਾਰ ਤਜ਼ਵੀਜਾਂ ਵੀ ਦਿੱਤੀਆਂ ਹਨ।

News Source link