ਮੁੰਬਈ: ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਆਖਿਆ ਕਿ ਉਹ ਅਦਾਕਾਰੀ ‘ਚ ਮੌਕੇ ਤਲਾਸ਼ ਰਹੀ ਹੈ ਪਰ ਉਸ ਦੀ ਪਹਿਲ ਸੰਗੀਤ ਹੋਵੇਗਾ। ਉਸ ਨੇ ਆਖਿਆ,”ਮੇਰਾ ਮੁੱਖ ਮਕਸਦ ਗਾਣਾ ਹੈ। ਮੈਂ ਖੁਦ ਨੂੰ ਗਾਇਕਾ ਤੇ ਅਦਾਕਾਰਾ ਵਜੋਂ ਤਰਾਸ਼ਣਾ ਚਾਹੁੰਦੀ ਹਾਂ। ਜਦੋਂ ਅਸੀਂ ਸਟੇਜ ਸ਼ੋਅ ਕਰਦੇ ਹਾਂ ਤਾਂ ਸਾਨੂੰ ਤੁਰੰਤ ਲੋਕਾਂ ਤੋਂ ਪ੍ਰਤੀਕਿਰਿਆ ਮਿਲ ਜਾਂਦੀ ਹੈ। ਇਸ ਲਈ ਮੈਂ ਬਿਹਤਰੀਨ ਢੰਗ ਨਾਲ ਸਟੇਜ ਸ਼ੋਅ ਕਰਨਾ ਚਾਹੁੰਦੀ ਹਾਂ। ਮੇਰੀ ਪਹਿਲੀ ਪਸੰਦ ਗਾਉਣਾ ਹੈ ਅਤੇ ਮੇਰੀ ਜਲਦ ਹੀ ਐਲਬਮ ਰਿਲੀਜ਼ ਹੋਵੇਗੀ ਪਰ ਜੇਕਰ ਮੈਨੂੰ ਚੰਗੀ ਕਹਾਣੀ ਮਿਲਦੀ ਹੈ ਤਾਂ ਮੈਂ ਅਦਾਕਾਰੀ ਜ਼ਰੂਰ ਕਰਾਂਗੀ।” ਹਾਲ ਹੀ ਵਿੱਚ ਸੁਨੰਦਾ ਸ਼ਰਮਾ ਗਾਇਕ ਬੀ ਪਰਾਕ ਦੇ ਗੀਤ ‘ਬਾਰਿਸ਼ ਕੀ ਜਾਏ’ ਦੀ ਵੀਡੀਓ ਵਿਚ ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਨਜ਼ਰ ਆਈ ਸੀ। ਉਸ ਨੇ ਸਾਲ 2018 ਵਿੱਚ ਆਈ ਪੰਜਾਬੀ ਫ਼ਿਲਮ ‘ਸੱਜਣ ਸਿੰਘ ਰੰਗਰੂਟ’ ਨਾਲ ਅਦਾਕਾਰੀ ਵਿਚ ਪੈਰ ਧਰਿਆ ਸੀ। ਸੁਨੰਦਾ ਨੇ ਆਖਿਆ,”ਸੰਗੀਤ ਹਮੇਸ਼ਾਂ ਮੇਰਾ ਸ਼ੌਕ ਰਿਹਾ ਹੈ ਅਤੇ ਅੰਤਰ ਸਕੂਲ ਅਤੇ ਕਾਲਜ ਸੰਗੀਤ ਮੁਕਾਬਲਿਆਂ ਵਿਚ ਹਿੱਸਾ ਲੈਂਦੀ ਰਹੀ ਹਾਂ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਗਾਇਕਾ ਬਣਾਂਗੀ। ਪਰ ਮੇਰਾ ਸੰਗੀਤ ਵੱਲ ਹਮੇਸ਼ਾਂ ਰੁਝਾਨ ਰਿਹਾ ਅਤੇ ਮੈਂ ਗਾਣੇ ਸੁਣ-ਸੁਣ ਕੇ ਖੁਦ ਨੂੰ ਤਿਆਰ ਕੀਤਾ ਹੈ।” ਨਵਾਜ਼ੂਦੀਨ ਨਾਲ ਵੀਡੀਓ ਬਣਾਉਣ ਸਬੰਧੀ ਉਸ ਨੇ ਆਖਿਆ,”ਨਵਾਜ਼ੂਦੀਨ ਸਰ ਸੈੱਟ ‘ਤੇ ਬਹੁਤ ਚੰਗੇ ਹਨ ਅਤੇ ਐਨਾ ਧਰਤੀ ਨਾਲ ਜੁੜਿਆ ਬੰਦਾ ਮੈਂ ਕਦੇ ਵੀ ਨਹੀਂ ਦੇਖਿਆ। ਉਹ ਤੁਹਾਨੂੰ ਇਕ ਮਿੰਟ ਲਈ ਵੀ ਯਕੀਨ ਨਹੀਂ ਹੋਣ ਦਿੰਦੇ ਕਿ ਉਹ ਸਟਾਰ ਹਨ। ਉਸ ਨਾਲ ਕੰਮ ਕਰਨਾ ਤੇ ਸ਼ੂਟਿੰਗ ਵੇਲੇ ਦਾ ਤਜਰਬਾ ਮੇਰੇ ਲਈ ਬਹੁਤ ਵੱਡੀ ਗੱਲ ਹੈ। -ਆਈਏਐੱਨਐੱਸ

News Source link