ਦੁਬਈ, 30 ਮਈ

ਇਕ ਭਾਰਤੀ ਵਿਦਿਆਰਥਣ ਨੂੰ ਸੰਯੁਕਤ ਅਰਬ ਅਮੀਰਾਤ ਦਾ 10 ਸਾਲ ਦਾ ਗੋਲਡਨ ਵੀਜ਼ਾ ਮਿਲਿਆ ਹੈ ਜੋ ਕਿ ਜ਼ਿਆਦਾਤਰ ਦੁਨੀਆ ਦੀਆਂ ਅਹਿਮ ਸ਼ਖ਼ਸੀਅਤਾਂ ਲਈ ਰਾਖਵਾਂ ਹੁੰਦਾ ਹੈ। ਇਕ ਮੀਡੀਆ ਰਿਪੋਰਟ ਅਨੁਸਾਰ ਭਾਰਤੀ ਵਿਦਿਆਰਥਣ ਨੂੰ ਇਹ ਵੀਜ਼ਾ ਉਸ ਦੀ ਮੈਰਿਟ ਤੇ ਸ਼ਾਨਦਾਰ ਅਕਾਦਮਿਕ ਪ੍ਰਾਪਤੀਆਂ ਲਈ ਮਿਲਿਆ ਹੈ। ‘ਖਲੀਜ ਟਾਈਮਜ਼’ ਦੀ ਖ਼ਬਰ ਅਨੁਸਾਰ ਕੇਰਲ ਦੀ ਰਹਿਣ ਵਾਲੀ ਤਸਨੀਮ ਅਸਲਮ ਨੂੰ ਇਹ ਗੋਲਡਨ ਵੀਜ਼ਾ ਅਸਾਧਾਰਨ ਵਿਦਿਆਰਥੀਆਂ ਦੀ ਕੈਟਾਗਿਰੀ ਵਿਚ ਮਿਲਿਆ ਹੈ ਅਤੇ ਉਸ ਨੂੰ 2031 ਤੱਕ ਇਸ ਮੁਲਕ ਵਿਚ ਰਹਿਣ ਦੀ ਮਨਜ਼ੂਰੀ ਦਿੱਤੀ ਗਈ ਹੈ। ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ ਸਾਲ 2019 ਵਿਚ ਲੰਬੇ ਸਮੇਂ ਦੇ ਰਿਹਾਇਸ਼ੀ ਵੀਜ਼ੇ ਲਈ ਇਕ ਨਵੀਂ ਪ੍ਰਣਾਲੀ ਲਾਗੂ ਕੀਤੀ ਸੀ ਤਾਂ ਜੋ ਵਿਦੇਸ਼ੀਆਂ ਨੂੰ ਬਿਨਾ ਕਿਸੇ ਕੌਮੀ ਸਪਾਂਸਰਰ ਦੇ ਸੰਯੁਕਤ ਅਰਬ ਅਮੀਰਾਤ ਵਿਚ ਰਹਿਣ, ਕੰਮ ਕਰਨ ਤੇ ਪੜ੍ਹਨ ਦੇ ਸਮਰੱਥ ਬਣਾਇਆ ਜਾ ਸਕੇ। ਇਹ ਗੋਲਡਨ ਵੀਜ਼ਾ ਪੰਜ ਜਾਂ ਦਸ ਸਾਲਾਂ ਲਈ ਦਿੱਤੇ ਜਾਂਦੇ ਹਨ ਅਤੇ ਆਪਣੇ-ਆਪ ਰੀਨਿਊ ਹੋ ਜਾਂਦੇ ਹਨ। ਇਹ ਵੀਜ਼ਾ ਹਾਸਲ ਕਰਨ ਵਾਲੀ ਤਸਨੀਮ ਨੇ ਸ਼ਾਰਜਾਹ ਵਿਚ ਅਲ ਕਾਸਿਮੀਆ ਯੂਨੀਵਰਸਿਟੀ ਤੋਂ ਇਸਲਾਮਿਕ ਸ਼ਰੀਆ ਪੜ੍ਹਿਆ ਹੈ ਅਤੇ ਆਪਣੀ ਜਮਾਤ ਵਿਚੋਂ ਉਹ ਸਭ ਤੋਂ ਮੋਹਰੀ ਰਹੀ। ਉਸ ਦੀ ਜਮਾਤ ਵਿਚ 72 ਦੇਸ਼ਾਂ ਦੇ ਵਿਦਿਆਰਥੀ ਸਨ। ਉਸ ਨੇ 4 ਵਿਚੋਂ 3.94 ਗਰੇਡ ਪੁਆਇੰਟ ਔਸਤ (ਜੀਪੀਏ) ਹਾਸਲ ਕੀਤੀ। -ਪੀਟੀਆਈ

News Source link