ਬੇਅੰਤ ਸਿੰਘ ਸੰਧੂ

ਪੱਟੀ, 1 ਜੂਨ

ਪੱਟੀ ਸ਼ਹਿਰ ਦੇ ਸਰਹਾਲੀ ਰੋਡ ਉਪਰ 27 ਮਈ ਨੂੰ ਦੋ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿੱਚ ਸਥਾਨਕ ਪੁਲੀਸ ਨੇ ਮਲਕੀਤ ਸਿੰਘ ਉਰਫ਼ ਲੱਡੂ ਵਾਸੀ ਪੱਟੀ ਨੂੰ ਗ੍ਰਿਫਤਾਰ ਕੀਤਾ ਹੈ। ਡੀਐੱਸਪੀ ਪੱਟੀ ਕੁਲਜਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਵੀਰਵਾਰ ਅਮਨਦੀਪ ਸਿੰਘ ਫੌਜੀ ਤੇ ਉਸ ਦੇ ਇੱਕ ਹੋਰ ਸਾਥੀ ਦਾ ਅਣਪਛਾਤੇ ਲੋਕਾਂ ਵੱਲੋਂ ਕਤਲ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅੱਜ ਮਲਕੀਤ ਸਿੰਘ ਲੱਡੂ ਵਾਸੀ ਪੱਟੀ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ।

ਪੁਲੀਸ ਵੱਲੋਂ ਕਾਬੂ ਕੀਤੇ ਮਲਕੀਤ ਸਿੰਘ ਲੱਡੂ ਨੂੰ ਟਰੱਕ ਯੂਨੀਅਨ ਪੱਟੀ ਦਾ ਮੀਤ ਪ੍ਰਧਾਨ ਬਣਾਉਂਦੇ ਵਿਧਾਇਕ ਗਿੱਲ ਤੇ ਹੋਰਾਂ ਦੀ ਫਾਈਲ ਫੋਟੋ।

ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਕਾਂਗਰਸੀ ਵਿਧਾਇਕ ਤੇ ਉਸ ਦੇ ਪੀਏ ਕੇ.ਪੀ. ਗਿੱਲ ਦਾ ਨਜ਼ਦੀਕੀ ਹੈ। ਹਲਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਵੱਲੋਂ ਮਲਕੀਅਤ ਸਿੰਘ ਲੱਡੂ ਨੂੰ ਪਿਛਲੇ ਸਮੇਂ ਅੰਦਰ ਟਰੱਕ ਯੂਨੀਅਨ ਪੱਟੀ ਦਾ ਮੀਤ ਪ੍ਰਧਾਨ ਬਣਾਇਆ ਗਿਆ ਸੀ। ਇਸ ਮਾਮਲੇ ਵਿੱਚ ਅਕਾਲੀ ਦਲ ਦੇ ਆਗੂ ਗਰਮੁੱਖ ਸਿੰਘ ਘੁੱਲਾ ਪਹਿਲਾਂ ਹੀ ਕਾਂਗਰਸੀ ਆਗੂਆਂ ‘ਤੇ ਇਨ੍ਹਾਂ ਕਤਲਾਂ ਦੇ ਦੋਸ਼ ਲਗਾ ਚੁੱਕੇ ਹਨ। ਜ਼ਿਲ੍ਹਾ ਤਰਨ ਤਾਰਨ ਦੇ ਐੱਸਐੱਸਪੀ ਵੱਲੋਂ ਕਤਲ ਕੇਸ ਦੀ ਤਫਤੀਸ਼ ਆਪਣੀ ਨਿਗਰਾਨੀ ਵਿੱਚ ਕੀਤੀ ਜਾ ਰਹੀ ਹੈ।

News Source link