ਟ੍ਰਿਬਿਊਨ ਨਿਊਜ਼ ਸਰਵਿਸ

ਨਵੀਂ ਦਿੱਲੀ, 1 ਜੂਨ

ਕੋਟਕਪੂਰਾ ਬੇਅਦਬੀ ਤੇ ਪੁਲੀਸ ਫਾਇਰਿੰਗ ਕੇਸਾਂ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਮੋਰਚਾ ਖੋਲ੍ਹਣ ਵਾਲੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਪਾਰਟੀ ਹਾਈ ਕਮਾਂਡ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਅੱਗੇ ਪੇਸ਼ ਹੁੰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਲੲੇ ਆਪਣੇ ਸਟੈਂਡ ‘ਤੇ ਅੱਜ ਵੀ ਕਾਇਮ ਹਨ। ਸਿੱਧੂ ਨੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਦੀ ਅਗਵਾਈ ਵਾਲੀ ਕਮੇਟੀ ਨਾਲ ਦੋ ਘੰਟੇ ਦੇ ਕਰੀਬ ਮੁਲਾਕਾਤ ਕੀਤੀ। ਸਿੱਧੂ ਨੇ ਮੀਟਿੰਗ ਉਪਰੰਤ ਕਿਹਾ, ”ਮੈਂ ਆਪਣੇ ਸਟੈਂਡ ‘ਤੇ ਅੱਜ ਵੀ ਕਾਇਮ ਹਾਂ, ਇਸ ਵਿੱਚ ਕੋਈ ਬਦਲਾਅ ਨਹੀਂ ਆਇਆ।’ ਸਿੱਧੂ ਨੇ ਕਿਹਾ, ”ਪੰਜਾਬ, ਪੰਜਾਬੀਅਤ ਤੇ ਪੰਜਾਬੀਆਂ ਦੀ ਜਿੱਤ ਹੋਵੇਗੀ। ਪੰਜਾਬ ਵਿਰੋਧੀ ਤਾਕਤਾਂ ਨੂੰ ਭਾਂਝ ਦਿੱਤੀ ਜਾਵੇਗੀ।’ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਤਾਕਤ ਟੈਕਸਾਂ ਦੇ ਰੂਪ ਵਿੱਚ ਕੀਤੀ ਅਦਾਇਗੀ ਹੈ ਤੇ ਇਸ ਪੈਸੇ ਨੂੰ ਕਿਸੇ ਵੀ ਰੂਪ ਵਿੱਚ ਮੁੜ ਲੋਕਾਂ ਤੱਕ ਪੁੱਜਦਾ ਕਰਨਾ ਉਨ੍ਹਾਂ ਦਾ ਸਿਖਰਲਾ ਏਜੰਡਾ ਹੈ। ਸਿੱਧੂ ਨੇ ਕਿਹਾ, ”ਮੈਂ ਅੱਜ ਸੱਚ ‘ਤੇ ਰੌਸ਼ਨੀ ਪਾਈ ਹੈ। ਸੱਚ ਨੂੰ ਲੁਕਾਇਆ ਜਾ ਸਕਦਾਹੈ, ਪਰ ਇਸ ਨੂੰ ਹਰਾਇਆ ਨਹੀਂ ਜਾ ਸਕਦਾ। ਪੰਜਾਬ ਜਿੱਤੇਗਾ। ਸਾਨੂੰ ਪੰਜਾਬ ਦੀ ਜਿੱਤ ਯਕੀਨੀ ਬਣਾਉਣੀ ਹੋਵੇਗੀ।’ ਚੇਤੇ ਰਹੇ ਕਿ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਦੀ ਸੂਬਾ ਇਕਾਈ ਵਿਚਲੇ ਆਗੂਆਂ ਦੇ ਵੱਖਰੇਵਿਆਂ ਨੂੰ ਦੂਰ ਕਰਨ ਲਈ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਸੀ। ਇਸ ਤੋਂ ਪਹਿਲਾਂ ਇਸ ਕਮੇਟੀ ਨੇ ਸੋਮਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ 26 ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਫੀਡਬੈਕ ਲਈ ਸੀ।

News Source link