ਮਹਿੰਦਰ ਸਿੰਘ ਰੱਤੀਆਂ

ਮੋਗਾ, 1 ਜੂਨ

ਸ੍ਰ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਖਿਆ ਕਿ ਉਹ ਖੇਤੀ ਕਾਨੂੰਨਾਂ ਸਬੰਧੀ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਬਿਨਾਂ ਸ਼ਰਤ ਗੱਲਬਾਤ ਕਰਨ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉੱਤੇ ਤਿੱਖੇ ਸ਼ਬਦੀ ਹਮਲੇ ਕਰਦੇ ਆਖਿਆ ਕਿ ਸੂਬੇ ‘ਚ ਲੋਕ ਕਰੋਨਾ ਨਾਲ ਮਰ ਰਹੇ ਹਨ, ਪਰ ਕਾਂਗਰਸੀ ਵਿਧਾਇਕ ਅਤੇ ਵਜ਼ੀਰ ਕੁਰਸੀ ਦੀ ਦੌੜ ਵਿਚ ਇਕ ਦੂਜੇ ਤੋਂ ਅੱਗੇ ਲੰਘਣ ਦੀ ਲੜਾਈ ਵਿਚ ਦਿੱਲੀ ਬੈਠੇ ਹਨ। ਪੰਜਾਬ ਦੇ ਲੋਕਾਂ ਨੂੰ ਆਪਣੇ ਹਾਲ ‘ਤੇ ਛੱਡ ਦਿੱਤਾ ਗਿਆ ਹੈ ਤੇ ਦਵਾਈਆਂ, ਆਕਸੀਜਨ ਤੇ ਵੈਕਸੀਨ ਦੀ ਡੋਜ਼ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਸੂਬੇ ਵਿਚ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ, ਪਰ ਕੈਪਟਨ ਅਮਰਿੰਦਰ ਸਿੰਘ ਆਪਣੇ ਪੈਰ ਖਿੱਚਣ ਵਾਲਿਆਂ ਨਾਲ ਖੇਡ ਵਿਚ ਲੱਗੇ ਹਨ। ਸ੍ਰੀ ਬਾਦਲ ਇਥੇ ਪਾਰਟੀ ਵੱਲੋਂ ਕਰੋਨਾ ਮਰੀਜ਼ਾਂ ਲਈ ਆਕਸੀਜ਼ਨ ਸੇਵਾ ਮੁਹਿੰਮ ਦਾ ਆਗਾਜ਼ ਕਰਨ ਲਈ ਪੁੱਜੇ ਸਨ। ਉਨ੍ਹਾਂ ਇਸ ਸੁਵਿਧਾ ਲਈ ਹੈਲਪਲਾਈਨ ਨੰਬਰ 90566-00007 ਜਾਰੀ ਕਰਦੇ ਹੋੲੇ ਆਖਿਆ ਕਿ ਲੋੜਵੰਦ ਦਾ ਫੋਨ ਆਉਣ ਉੱਤੇ ਵਰਕਰ ਉਨ੍ਹਾਂ ਦੇ ਘਰ ਲੰਗਰ ਤੇ ਆਕਸੀਜਨ ਸੇਵਾ ਆਦਿ ਸੁਵਿਧਾ ਮੁਹੱਈਆ ਕਰਵਾਉਣਗੇ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਬਰਜਿੰਦਰ ਸਿੰਘ ਮੱਖਣ ਬਰਾੜ, ਪਾਰਟੀ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ, ਸਾਬਕਾ ਚੇਅਰਮੈਨ ਤਰਸੇਮ ਸਿੰਘ ਰੱਤੀਆਂ, ਸਾਬਕਾ ਚੇਅਰਮੈਨ ਅਮਰਜੀਤ ਸਿੰਘ ਗਿੱਲ ਲੰਢੇਕੇ ਤੇ ਹੋਰ ਵੱਡੀ ਗਿਣਤੀ ਵਿੱਚ ਅਕਾਲੀ ਆਗੂ ਤੇ ਵਰਕਰ ਮੌਜੂਦ ਸਨ।

News Source link